ਦੇ ਹੰਝੂਆਂ ਨਾਲ ਧੋਤਾ ਹੋਇਆ ਸੀ।
ਉੱਬਲਦੀਆਂ ਦੇਗਾਂ ਤੇ ਦੇਹਾਂ ਨੂੰ ਪਾੜ ਦੇਣ ਵਾਲੇ ਆਰਿਆਂ ਨੂੰ ਹੱਸਦਿਆਂ ਬੱਲ ਲੈਣ ਵਾਲਾ ਸਿਦਕ ਬਾਲ ਦੇ ਸਿਰ ਆਸੀਸ ਦੇ ਰਿਹਾ ਸੀ। ਆਪਣਾ ਘਰ ਫੂਕ ਕੇ ਮਹਾਰਾਜ ਦੀ ਦੇਹ ਦੀ ਸੰਭਾਲ ਕਰਨ ਵਾਲੀ ਸ਼ਰਧਾ ਬਾਲ ਨੂੰ ਪੂਰਨ ਸਮਰਪਨ ਦੇ ਰਾਹ ਪਾ ਰਹੀ ਸੀ । ਪਾਪਾਂ ਦੇ ਵਗਦੇ ਝੱਖੜਾਂ ਤੇ ਜ਼ੁਲਮੀ ਹਨੇਰੀਆਂ ਵਿਚੋਂ' ਵੀ ਮਹਾਰਾਜ ਦਾ ਸੀਸ ਆਪਣੇ ਸੀਨੇ ਨਾਲ ਲਾ ਕੇ ਲੈ ਜਾਣ ਵਾਲਾ ਹੌਸਲਾ ਬਾਲ ਦੀ ਕੰਡ ਜਜ਼ਬਿਆਂ ਭਰੇ ਹੱਥ ਨਾਲ ਪਲੋਸ ਰਿਹਾ ਸੀ।
ਬਾਲ ਦੀ ਅਰਦਾਸ ਧੁਰ ਦਰਗਾਹ ਮਹਾਰਾਜ ਜੀਆਂ ਦੇ ਦਰਬਾਰ ਪੁੱਜ ਗਈ ਸੀ। ਪਰ ਉਹ ਹਜੇ ਵੀ ਛੇਵੇਂ ਪਾਤਸ਼ਾਹ ਜੀ ਦੇ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜੇ ਕੋਲ ਬੈਠਾ ਸੀ। ਏਨੇ ਨੂੰ ਨਵਾਬ ਕਪੂਰ ਸਿੰਘ ਅਕਾਲ ਬੁੰਗੇ ਤੋਂ ਬਾਹਰ ਆਏ ਤੇ ਬਾਲ ਦੇ ਨਾਲ ਆਏ ਬਾਬਾ ਜੀ ਕੋਲ ਆ ਕੇ ਬੋਲੇ,
" ਹੋਰ ਭਾਈ ਝਬਾਲੀਓ ਕੀ ਹਾਲ ਨੇ ਤੁਹਾਡੇ...
"ਚੜ੍ਹਦੇ ਕਲੇ ਨੇ ਪੰਥ ਪਾਤਸ਼ਾਹ ਜੀਓ", ਬਾਬਾ ਬੋਲਿਆ ਤੇ ਬਾਲ ਨੇ ਆਪਣੇ ਆਪ ਨੂੰ ਸੰਭਾਲਦਿਆਂ ਉੱਠ ਕੇ ਨਵਾਬ ਸਾਹਬ ਦੇ ਚਰਨ ਛੂਹ ਕੇ ਨਮਸਕਾਰ ਕੀਤੀ।
"ਇਹ ਬਾਲ ਤਾਂ ਪੂਰਾ ਜੰਗੀ ਹੈ ਭਾਈ... ਕੀ ਨਾਓ ਐ ਭਾਈ ਯੋਧਿਆ ਤੇਰਾ...", ਨਵਾਬ ਸਾਹਬ ਨੇ ਬਾਲ ਨੂੰ ਪੁੱਛਿਆ।
"ਜੀ ਬਘੇਲ ਸਿੰਘ", ਬਾਲ ਨੇ ਨਾਮ ਦੱਸਣ ਲਈ ਸਿਰ ਉਤਾਂਹ ਚੁੱਕਿਆ ਤਾਂ ਨਵਾਬ ਸਾਹਬ ਉਸ ਦੀਆਂ ਅੱਖਾਂ ਵਿਚ ਦੇਖਦਿਆਂ ਬੋਲੇ,
"ਸਰਦਾਰ ਬਘੇਲ ਸਿੰਘ ਰਣਾ ਦਾ ਜੇਤੂ ਬਣੇਗਾ। ਪੰਥ ਖਾਲਸੇ ਦੀ ਵੱਡੀ ਸੇਵਾ ਕਰੇਗਾ। ਇਹ ਨਾਮ 'ਸਰਦਾਰ ਬਘੇਲ ਸਿੰਘ' ਆਉਣ ਵਾਲੀਆਂ ਨਸਲਾਂ ਮਾਣ ਨਾਲ ਲਿਆ ਕਰਨਗੀਆਂ। ਵੱਡੀਆਂ ਮੁਹਿੰਮਾ ਸਰ ਕਰਨ ਲਈ ਚਾਲਾ ਮਾਰਨ ਲੱਗੇ ਯੋਧੇ ਸਰਦਾਰ ਬਘੇਲ ਸਿੰਘ ਦਾ ਨਾਮ ਚੇਤਿਆਂ ਵਿਚ ਵਸਾ ਕੇ ਤੁਰਿਆ ਕਰਨਗੇ।"
ਨਵਾਬ ਕਪੂਰ ਸਿੰਘ ਬੋਲਦੇ ਰਹੇ ਤੇ ਬਾਲ ਬਘੇਲ ਸਿੰਘ ਮੁੜ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜ੍ਹੇ ਉੱਪਰ ਸਿਰ ਧਰ ਕੇ ਅਰਦਾਸ ਕਰਦਾ ਰਿਹਾ। ਹੰਝੂ ਮੁੜ ਥੜ੍ਹੇ ਨੂੰ ਧੋ ਰਹੇ ਸਨ।
"ਮੁੜ ਹੰਝੂ ਕੇਰਨ ਲੱਗ ਪਿਐ..", ਬਾਲ ਨਾਲ ਆਇਆ ਬਾਬਾ ਬੋਲਿਆ।