

"ਤੇਰੇ ਲਾਲ ਹੁਣ ਸਿਰਫ ਤੇਰੇ ਲਾਲ ਨਹੀਂ ਰਹੇ। ਉਹ ਕੁਲ ਜਗਤ ਦੇ ਚਾਨਣ ਮੁਨਾਰੇ ਹੋ ਗਏ ਹਨ।”
ਮਾਤਾ ਸਾਹਿਬ ਦੇ ਹੱਥ ਫੜੇ ਬਾਟੇ ਕੰਬ ਗਏ। ਮਾਤਾ ਜੀ ਨੇ ਪਹਿਲਾਂ ਚੌਲਾਂ ਵੱਲ ਫੇਰ ਚੂਰਮੇ ਵੱਲ ਤੇ ਫੇਰ ਮਹਾਰਾਜ ਵੱਲ ਦੇਖਿਆ। ਮੁੜ ਉਹ ਬਾਟਿਆਂ ਵੱਲ ਦੇਖਣ ਲੱਗੇ। ਤਦ ਤਕ ਸਰਬੱਤ ਸੰਗਤ ਮਹਾਰਾਜ ਅੱਗੇ ਸਜ ਗਈ ਸੀ।
ਮਹਾਰਾਜ ਨੇ ਖਾਲਸੇ ਵੱਲ ਤੱਕਿਆ ਤੇ ਬੋਲੇ,
"ਇਹਨਾਂ ਹਜ਼ਾਰਾਂ ਤੋਂ ਅਸੀਂ ਚਾਰ ਵਾਰ ਦਿੱਤੇ ਹਨ।
ਇਨ ਪੁਤਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਯਾ ਹੂਆ
ਜੀਵਤ ਕਈ ਹਜ਼ਾਰ।”
ਮਾਤਾ ਸਾਹਿਬ ਨੇ ਚੂਰਮੇ ਵਾਲੇ ਬਾਟੇ ਵੱਲ ਤੱਕਿਆ। ਬਾਟੇ ਲੈ ਕੇ ਅੱਗੇ ਵਧੇ ਤੇ ਆਪਣੇ ਪੁੱਤਰ ਨੂੰ ਵਰਤਾਉਣਾ ਸ਼ੁਰੂ ਕੀਤਾ।
ਆਪਣੇ ਪੰਜਵੇਂ ਪੁੱਤਰ ਨੂੰ।
ਖਾਲਸੇ ਨੂੰ ।
ਮਾਤਾ ਸਾਹਿਬ ਬਾਟੇ ਵਿਚੋਂ ਗੱਫੇ ਵਰਤਾਉਣ ਲੱਗੇ। ਜਿਸ ਦੇ ਬੁੱਕ ਚਰਮਾ ਆਵੇ ਉਹ ਕਹੇ 'ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ' ਤੇ ਜਿਸ ਦੇ ਹਿੱਸੇ ਮਿੱਠੇ ਚੌਲ ਆਉਣ ਉਹ ਕਹੇ, 'ਧੰਨ ਧੰਨ ਮਹਾਕਾਲ ਬਾਬਾ ਫਤਹਿ ਸਿੰਘ ਜੀ'। ਮਾਤਾ ਜੀ 'ਇਨ ਪੁਤਰਨ' ਨੂੰ ਵਰਤਾਉਂਦੇ ਗਏ।
ਭਾਈ ਦਇਆ ਸਿੰਘ, ਭਾਈ ਮਨੀ ਸਿੰਘ, ਭਾਈ ਕਾਹਨ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਬਾਬਾ ਮਸਤਾਨ ਸਿੰਘ, ਬਾਬਾ ਸ਼ਾਮ ਸਿੰਘ ਤੇ ਇਸ ਤਰ੍ਹਾਂ ਵਰਤਾਉਂਦਿਆਂ ਵਰਤਾਉਂਦਿਆਂ ਮਾਤਾ ਸਾਹਿਬ ਬਾਬਾ ਦੀਪ ਸਿੰਘ ਜੀ ਕੋਲ ਆ ਗਏ। ਉਹ ਸਿੰਘਾਂ ਵਿਚ ਸਭ ਤੋਂ ਪਿੱਛੇ ਬੈਠੇ ਸਨ। ਮਾਤਾ ਜੀ ਨੇ ਬਾਟੇ ਵੱਲ ਦੇਖਿਆ ਤੇ ਬੋਲੇ,
“ਥੋੜਾ ਜਿਹਾ ਚੂਰਮਾ ਬਚਿਆ ਹੈ ਤੇ ਥੋੜੇ ਚੌਲ। ਤੁਹਾਡੇ ਹਿੱਸੇ ਦੋਨੋ ਹੀ ਆਉਣਗੇ"
“ਮੇਰੇ ਧੰਨ ਭਾਗ ਮਾਤਾ ਸਾਹਿਬ", ਬਾਬਾ ਜੀ ਨੇ ਗੱਫਾ ਲੈਂਦਿਆਂ ਕਿਹਾ।