

ਕੈਦ ਕਰਕੇ ਲਿਜਾਈਆਂ ਜਾ ਰਹੀਆਂ ਕੁੜੀਆਂ ਦੀਆਂ ਚੀਕਾਂ ਬਾਬਾ ਜੀ ਨੂੰ ਵੀ ਸੁਣੀਆਂ। ਉਹਨਾਂ ਕਈ ਵਾਰ ਅਬਦਾਲੀ ਲਸ਼ਕਰ ਨਾਲ ਟੱਕਰ ਲੈ ਨੂੰ ਕੁੜੀਆਂ ਆਜ਼ਾਦ ਕਰਵਾਈਆਂ।
ਪਾਪੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਬੁੱਢੇ ਜੌਹੜ ਤੋਂ ਤੁਰੇ ਸੂਰਮੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਸਾਹਿਬ ਵੱਲ ਜਾਂਦਿਆ ਬਾਬਾ ਜੀ ਕੋਲ ਦਮਦਮੇ ਰੁਕੇ ਸਨ। ਉਹਨਾਂ ਦੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਦੀ ਅਰਦਾਸ ਵੀ ਬਾਬਾ ਜੀ ਨੇ ਕੀਤੀ। ਸਿੰਘਾਂ ਨੇ ਵਾਪਸੀ 'ਤੇ ਨੇਜ਼ੇ ਉੱਤੇ ਟੰਗਿਆ ਹੋਇਆ ਮੱਸੇ ਦਾ ਸਿਰ ਬਾਬਾ ਜੀ ਨੂੰ ਦਿਖਾਇਆ ਸੀ।
ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਸੇਵਾ ਕਰਦਿਆਂ ਬਾਬਾ ਜੀ ਜੰਗ ਦੇ ਮੈਦਾਨ ਵਿਚ ਜੂਝ ਰਹੇ ਪੰਥ ਦੇ ਮੋਢੇ ਨਾਲ ਮੋਢਾ ਲਾ ਕੇ ਵੀ ਸਦਾ ਖੜ੍ਹੇ ਰਹੇ। ਹੁਣ ਤਕ ਦਲ ਖਾਲਸੇ ਵੱਲੋਂ ਪੰਥ ਦੇ ਬਣਾਏ ਗਏ ਪੰਜ ਜੱਥਿਆਂ ਵਿਚੋਂ ਸ਼ਹੀਦਾਂ ਦੇ ਜੱਥੇ ਦਾ ਨਿਸ਼ਾਨ ਸਾਹਿਬ ਵੀ ਬਾਬਾ ਜੀ ਕੋਲ ਆ ਗਿਆ ਸੀ। ਇਸੇ ਜੱਥੇ ਤੋਂ ਅੱਗੇ ਜਾ ਕੇ ਸ਼ਹੀਦੀ ਮਿਸਲ ਦਾ ਜਨਮ ਹੋਇਆ। ਕਮਾਲ ਦੀ ਗੱਲ ਤਾਂ ਇਹ ਸੀ ਕਿ ਇਹਨਾਂ ਸਿੰਘਾਂ ਨੂੰ ਜਿਉਂਦੇ ਜੀਅ ਹੀ ਸ਼ਹੀਦ ਕਿਹਾ ਜਾਣ ਲੱਗਾ ਸੀ।
ਇਕ ਦਿਨ ਦਮਦਮਾ ਸਾਹਿਬ ਜਦ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕਰ ਰਹੇ ਸਨ,
"ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ। "
ਇਕ ਸਿੰਘ ਭੱਜਿਆ ਦੀਵਾਨ ਵੱਲ ਆ ਰਿਹਾ ਸੀ। ਦੀਵਾਨ ਵਿਚ ਪਿੱਛੇ ਖਲੋਤੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕਿਆ।
"ਕੀ ਹੋਇਆ ਸਿੰਘਾਂ, ਏਨੀ ਤੇਜ਼ੀ ਵਿਚ ਕਿਉਂ ਭੱਜ ਰਿਹਾ ਹੈ?”
"ਜੇ ਮੈਂ ਥੋੜੀ ਹੋਰ ਦੇਰੀ ਕਰ ਦਿੱਤੀ ਤਾਂ ਅਨਰਥ ਹੋ ਜਾਵੇਗਾ ਖਾਲਸਾ ਜੀ...", ਹਫਦਾ ਹੋਇਆ ਉਹ ਸਿੰਘ ਬੋਲਿਆ, "ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਚੱਲੋ"
“ਪਰ ਕੁਝ ਦੱਸ ਤਾਂ ਸਹੀ...'
“ਸਾਰੀ ਗੱਲ ਉੱਥੇ ਹੀ ਖੋਲ੍ਹ ਦੱਸਾਂਗਾ ਸਿੰਘ ਜੀ... ਮੇਰਾ ਦਿਲ ਏਨਾ