

ਮਹਾਂਕਾਲ ਦਾ ਨੀਲਾ ਬਾਣਾ
ਏਨੀ ਤੇਜ਼ੀ ਨਾਲ ਸ਼ਾਇਦ ਹੀ ਕਦੇ ਕੋਈ ਤੁਰਿਆ ਹੋਵੇ। ਚੀਤਿਆਂ ਦੀ ਰਫਤਾਰ ਸਿੰਘਾਂ ਦੀ ਚਾਲ ਅੱਗੇ ਮੱਠੀ ਪੈ ਰਹੀ ਸੀ। ਘੋੜਿਆਂ ਦੀਆਂ ਕਾਠੀਆਂ 'ਤੇ ਬੈਠੇ ਸਿੰਘਾਂ ਦੇ ਸਿਰਾਂ ਉੱਤੇ ਉੱਡਦੇ ਬਾਜ ਸਿੰਘਾਂ ਨਾਲੋਂ ਵੀ ਕਾਹਲੇ ਸਨ। ਜੱਥੇ ਨੇ ਪਹਿਲਾ ਸਾਹ ਤਰਨ ਤਾਰਨ ਸਾਹਿਬ ਜਾ ਕੇ ਹੀ ਲਿਆ। ਨਾ ਤਾਂ ਬਾਬਾ ਜੀ ਨੇ ਤੁਰਨ ਲੱਗਿਆਂ ਦੇਖਿਆ ਸੀ ਕਿ ਨਾਲ ਕਿੰਨੇ ਸਿੰਘ ਹਨ ਤੇ ਨਾ ਤਰਨ ਤਾਰਨ ਆ ਕੇ ਦੇਖਿਆ। ਪਰ ਬਾਬਾ ਜੀ ਦੇ ਤਲਵੰਡੀਓ ਤੁਰਨ ਦੀ 'ਵਾਜ, ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਖਬਰ ਦੇ ਨਾਲ ਹੀ ਮਾਲਵੇ ਦੇ ਪਿੰਡਾਂ ਵਿਚ ਫੈਲ ਗਈ। ਘਰੀਂ ਆਖਰੀ ਫਤਹਿ ਬੁਲਾ ਕੇ ਮਿੱਟੀ ਦੇ ਪੁੱਤ ਦਰਬਾਰ ਸਾਹਿਬ ਦੀ ਅਜ਼ਮਤ ਲਈ ਕੁਰਬਾਨ ਹੋਣ ਚੱਲ ਪਏ। ਸ਼ਹਾਦਤਾਂ ਦਾ ਐਸਾ ਮੌਕਾ ਤਾਂ ਖਾਲਸੇ ਨੂੰ ਰੱਬ ਦੇਵੇ। ਬਾਜ ਬਟੇਰਿਆਂ ਦੇ ਸ਼ਿਕਾਰ ਲਈ ਉੱਡ ਪਏ। ਬਘਿਆੜਾਂ ਦੀ ਵੰਗਾਰ ਦਾ ਜਵਾਬ ਦੇਣ ਲਈ ਸ਼ੇਰ ਬੇਲਿਓਂ ਨਿਕਲ ਆਏ। ਸਾਰੇ ਜੱਥੇ ਨੇ ਤਰਨਤਾਰਨ ਦੇ ਸਰੋਵਰ ਵਿਚ ਇਸ਼ਨਾਨ ਕੀਤਾ।
"ਓਥੇ ਫੇਰ ਦੀਵਾ ਬਲ ਰਿਹਾ ਹੈ ਹਜ਼ੂਰ... ", ਇਕ ਸੂਹੀਆ ਭੱਜਿਆ ਭੱਜਿਆ ਜਹਾਨ ਖਾਨ ਕੋਲ ਆਇਆ।
“ਆਖਰ ਇਹ ਕੌਣ ਕਾਫਰ ਹੈ, ਜੋ ਸਾਡੇ ਏਡੇ ਸਖਤ ਪਹਿਰੇ ਦੇ ਬਾਵਜੂਦ ਵੀ ਇਹ ਕਰ ਜਾਂਦਾ ਹੈ..", ਜਹਾਨ ਖਾਂ ਖਿਝਦਾ ਹੋਇਆ ਬੋਲਿਆ।
ਹੋ ਇਹ ਰਿਹਾ ਸੀ ਕਿ ਜਹਾਨ ਖਾਂ ਨੇ ਸਰੋਵਰ ਨੂੰ ਪੂਰ ਦਿੱਤਾ ਸੀ ਤੇ ਦਰਬਾਰ ਸਾਹਿਬ ਨੂੰ ਢੁਹਾ ਰਿਹਾ ਸੀ। ਮਲਬੇ ਦੇ ਢੇਰ ਉੱਤੇ ਹਰ ਰਾਤ ਇਕ ਚਮੁਖੀਆ ਦੀਵਾ ਬਲਣ ਲੱਗ ਪੈਂਦਾ ਸੀ। ਜਹਾਨ ਖਾਂ ਨੇ ਬਥੇਰਾ ਪਹਿਰਾ ਸਖਤ ਕੀਤਾ ਪਰ ਫੇਰ ਵੀ ਉਹ ਦੀਵਾ ਨਿਤ ਜਗਦਾ।
"ਜਰੂਰ ਇਹ ਕੋਈ ਕਰਾਮਾਤ ਹੈ ਹਜ਼ੂਰ ", ਜਹਾਨ ਖਾਂ ਦਾ ਇਕ ਫੌਜਦਾਰ ਬੋਲਿਆ, "ਮੈਂ ਸੁਣਿਆਂ ਹੈ ਸਿਖਾਂ ਦੇ ਇਸ ਮੰਦਰ ਵਿਚ ਬੜੀ ਗੈਬੀ ਤਾਕਤ ਹੈ ਤੇ ਇਸ ਦੀ ਰਾਖੀ ਰੂਹਾਂ ਵੀ ਕਰਦੀਆਂ ਹਨ. '