

ਪਤਾ ਹੈ ਕਿ ਮੌਤ ਦਾ ਦਿਨ ਨਿਸਚਿਤ ਹੈ ਤੇ ਕਾਇਰ ਏਸੇ ਡਰ ਵਿਚ ਰਹਿੰਦਾ ਹੈ ਕਿ ਕਿਤੇ ਉਹ ਦਿਨ ਅੱਜ ਨਾ ਹੋਵੇ।
..ਪਰ ਜੇ ਉਹ ਦਿਨ ਸਚਮੁੱਚ ਅੱਜ ਦਾ ਹੀ ਹੋਵੇ, ਤਾਂ ਸੂਰਮੇਂ ਨੂੰ ਤਾਂ ਸਗੋਂ ਇਹ ਜਾਣ ਕੇ ਚਾਅ ਚੜ੍ਹਦਾ ਹੈ।"
ਕੋਈ ਇਕ ਸਿੰਘ ਵੀ... ਕੋਈ ਨਿੱਕਾ ਭੁਜੰਗੀ ਵੀ ਅਜਿਹਾ ਨਹੀਂ ਸੀ ਜਿਸ ਨੇ ਲਕੀਰ ਪਾਰ ਨਾ ਕੀਤੀ ਹੋਵੇ। ਸਾਰੇ ਦਾ ਸਾਰਾ ਜੱਥਾ ਲਕੀਰ ਪਾਰ ਕਰ ਗਿਆ। ਇੰਝ ਜਾਪ ਰਿਹਾ ਸੀ ਕਿ ਜਿਵੇਂ ਇਹਨਾਂ ਸਭ ਸੂਰਮਿਆਂ ਦਾ ਜਨਮ ਇਸ ਲਕੀਰ ਨੂੰ ਪਾਰ ਕਰਨ ਲਈ ਈ ਹੋਇਆ ਹੋਵੇ। ਜੰਗ ਤਾਂ ਅਫਗਾਨ ਏਥੇ ਹੀ ਹਾਰ ਗਏ ਸਨ। ਹੁਣ ਤਾਂ ਬਸ ਰਸਮੀ ਜੰਗ ਬਾਕੀ ਰਹਿ ਗਈ ਸੀ। ਪਰ ਇਹ ਰਸਮੀ ਜੰਗ ਐਸੀ ਹੋਣੀ ਸੀ ਕਿ ਤਵਾਰੀਖੀ ਪੋਥੀਆਂ ਵਿਚ ਸੁਖ ਲੈ ਰਹੇ ਦੁਨੀਆਂ ਭਰ ਦੇ ਯੋਧਿਆਂ, ਸ਼ਹੀਦਾਂ ਨੇ ਇਕ ਦੂਜੇ ਨੂੰ ਉਠਾਇਆ ਤੇ ਗੋਹਲਵੜ੍ਹ ਦੇ ਮੈਦਾਨ ਵੱਲ ਤੱਕਣ ਲੱਗੇ।
ਤਵਾਰੀਖਾਂ ਲਿਖਣ ਵਾਲੇ ਲਿਖਾਰੀਆਂ ਨੇ ਆਪਣੀਆਂ ਕਲਮਾਂ ਸੋਨੇ ਦੀ ਸਿਆਹੀ ਵਿਚ ਡੁਬੋ ਲਈਆਂ ਤੇ ਸੁਨਿਹਰੀ ਇਤਿਹਾਸ ਲਿਖਣ ਲਈ ਆਸਨ ਲਾ ਕੇ ਬੈਠ ਗਏ। ਦੁਨੀਆਂ ਭਰ ਵਿਚ ਹੋਈਆਂ ਜੰਗਾਂ ਦੀਆਂ ਤਵਾਰੀਖਾਂ ਨੇ ਅੱਜ ਇਸ ਥਾਂ ਹੋਣ ਵਾਲੀ ਜੰਗ ਨੂੰ ਸੀਸ ਨਿਵਾਉਣਾ ਸੀ।
ਬਾਬਾ ਜੀ ਨੇ ਜਦ ਖੰਡਾ ਮਿਆਨੋਂ ਕੱਢਿਆ ਤਾਂ ਆਵਾਜ਼ ਕੈਲਾਸ਼ ਪਰਬਤ ਤੱਕ ਪਹੁੰਚੀ। ਮਹਾਦੇਵ ਦੀ ਤਾੜੀ ਟੁੱਟੀ। ਉਹਨਾਂ ਮਾਤਾ ਪਾਰਬਤੀ ਵੱਲ ਤੱਕਿਆ। ਚੰਡੀ ਅੱਜ ਮੁੜ ਸਭ ਸੰਸਾਰ ਦੀ ਉਤਪਤੀ ਵਾਲੇ ਦੋ ਧਾਰੇ ਖੰਡੇ ਦੀ ਕਰਾਮਾਤ ਦੇਖਣ ਲਈ ਸਜ ਬੈਠੀ ਸੀ। ਮਹਿਖਾਸੁਰ, ਲੋਚਨ ਧੂਮ, ਚੰਡ ਮੁੰਡ, ਰਕਤਬੀਜ, ਸੁੰਭ ਨਿਸੁੰਭ ਸਾਰੇ ਦੇ ਸਾਰੇ ਅਜ ਫੇਰ ਮੈਦਾਨ ਵਿਚ ਉਤਰੇ ਹੋਏ ਸਨ ਤੇ ਬਾਬੇ ਦੇ ਗਾਤਰੇ ਦਾ ਖੰਡਾ ਸਭ ਦੀ ਰੱਤ ਪੀਣ ਲਈ ਕਾਹਲਾ ਸੀ।
"ਤੂੰ ਤਾਂ ਪੂਰਾ ਲਾੜਾ ਬਣ ਕੇ ਆਇਆ ਹੈਂ ਸਿੰਘਾ..", ਕਿਸੇ ਬਹੂ ਵਿਆਹੁਣ ਚੱਲੇ ਲਾੜੇ ਵਾਂਗ ਤਿਆਰ ਹੋਏ ਇਕ ਸਿੰਘ ਨੂੰ ਬਾਬਾ ਨੋਧ ਸਿੰਘ ਨੇ ਪੁੱਛਿਆ।
"ਜੀ ਜਥੇਦਾਰ ਜੀ... ਮੇਰੀ ਮਾਂ ਸਦਾ ਕਹਿੰਦੀ ਹੁੰਦੀ ਸੀ ਕਿ ਸਿਖਾਂ ਦੇ ਪੁੱਤਾਂ ਲਈ ਜੰਝ ਤੇ ਜੰਗ ਵਿਚ ਬਾਹਲਾ ਫਰਕ ਨਹੀਂ ਦੋਹੇਂ ਥਾਂ ਹੀ ਲਾੜੀਆਂ