

ਹਨ ਇਹ ਪੰਜਾਬ ਦੇ ਵਾਸੀ ਕਿ ਮੌਤ ਦੀਆਂ ਵੀ ਅੱਖਾਂ ਵਿਚ ਅੱਖਾਂ ਪਾ ਕੇ ਲੰਘ ਜਾਂਦੇ ਹਨ।
"ਉਂਅਅਅਹੂਂਹੂਂ"
ਏਨੇ ਨੂੰ ਬਾਬਾ ਨੌਧ ਸਿੰਘ ਜੀ ਮੌਤ ਕੋਲੋਂ ‘ਖੰਗੂਰਾ' ਮਾਰ ਕੇ ਲੰਘੇ। ਮੌਤ ਇਹਨਾਂ ਸਿੰਘਾਂ ਤੋਂ ਭੈਅ ਖਾ ਰਹੀ ਸੀ।
“ਗੁਰੂ ਦੀਆਂ ਚਿੜੀਆਂ ਨੇ ਬਾਜਾਂ ਦੀਆਂ ਘੰਡੀਆਂ ਮਰੋੜ ਦਿੱਤੀਆਂ ਤੇ ਇਹ ਤਾਂ ਹੈਨ ਈ ਸ਼ਿਕਰੇ ਜਹੇ", ਬਾਬਾ ਨੌਧ ਸਿੰਘ ਨੇ ਅਫਗਾਨਾ ਵੱਲ ਦੇਖਿਆ ਤੇ ਆਪਣੀ ਭਗੌਤੀ ਦੀ ਧਾਰ ਪਰਖਦਿਆਂ ਬੋਲੇ।
"ਸਾਡੀ ਗਿਣਤੀ ਲੱਖਾਂ ਵਿਚ ਹੈ ਤੇ ਹਕੂਮਤ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਕਿਸੇ ਵੀ ਸਿਖ ਨੂੰ ਦੇਖਦਿਆਂ ਹੀ ਮਾਰ ਦਿੱਤਾ ਜਾਏ... ਸੋ ਤੁਹਾਡੀ ਭਲਾਈ ਇਸੇ ਵਿਚ ਹੈ ਕਿ ਚੁੱਪ ਚਾਪ ਪਿੱਛੇ ਪਰਤ ਜਾਓ।", ਜਹਾਨ ਖਾਂ ਦਾ ਇਕ ਸੈਨਾਪਤੀ ਬੋਲਿਆ। ਸਿੰਘਾਂ ਨੇ ਨਗਾਰੇ 'ਤੇ ਚੋਟ ਲਾਈ ਤੇ ਨਰਸਿੰਘਾ ਵਜਾਇਆ।
"ਸਾਡੇ ਨਰਸਿੰਘੇ ਤੇ ਨਗਾਰੇ ਮੁੱਢ ਤੋਂ ਹੀ ਤੁਹਾਡੇ ਫੁਰਮਾਨਾਂ ਤੋਂ ਆਕੀ ਨੇ... ਤੇ ਸਾਨੂੰ ਸਾਡਾ ਭਲਾ ਬੁਰਾ ਸਭ ਪਤਾ ਹੈ, ਤੁਸੀਂ ਆਪਣਾ ਵਿਚਾਰੋ”, ਬਾਬਾ ਨੌਧ ਸਿੰਘ ਨੇ ਅਫਗਾਨਾ ਦੀ ਵੰਗਾਰ ਦਾ ਜਵਾਬ ਦਿੱਤਾ।
"ਤੁਸੀਂ ਸਾਨੂੰ ਜਾਣਦੇ ਨਹੀਂ... ਜਹਾਨ ਖਾਂ ਸਿਪਹਸਾਲਾਰ ਦੀ ਇਹ ਫੌਜ ਕਦੇ ਜੰਗ ਵਿਚ ਹਾਰੀ ਨਹੀਂ ਉਹ ਪਠਾਨ ਮੁੜ ਬੋਲਿਆ।
“ਗਿੱਦੜ ਹੋਣ, ਲੱਕੜਬੱਗੇ ਤੇ ਭਾਵੇਂ ਬਘਿਆੜ.., ਸ਼ੇਰਾਂ ਨੂੰ ਸਭ ਨਾਲ ਲੜਨ ਦਾ ਹੀ ਵੱਲ ਹੁੰਦੈ ", ਭਾਈ ਬਲਵੰਤ ਸਿੰਘ ਬੋਲੇ, " ਨਾਲੇ ਮਾਛੀਵਾੜੇ ਦੀ ਮਿੱਟੀ ਲੱਗੀ ਹੈ ਇਹਨਾਂ ਸਰੀਰਾਂ ਨੂੰ। ਦੁਨੀਆਂ ਦੇ ਦੁੱਖ ਤਕਲੀਫਾਂ ਤਾਂ ਟਿੱਚ ਜਾਣਦੀਆਂ ਨੇ ਇਹ ਸਰਬਲੋਹੀ ਦੇਹਾਂ। ਯਾਰੜੇ ਦੇ ਸੱਥਰੀਂ ਗੀਤ ਗੋਣ ਵਾਲਿਆਂ ਨੇ ਖੇੜਿਆਂ ਦੇ ਕੀ ਵੱਸਣਾ ਹੈ”
ਏਨੇ ਨੂੰ ਤੇਜ਼ ਆਵਾਜ਼ਾਂ ਨੇ ਅਫਗਾਨਾ ਦੇ ਕੰਨ ਖੜ੍ਹੇ ਕੀਤੇ।
"ਇਹ ਕੈਸੀਆਂ ਆਵਾਜ਼ਾਂ ਨੇ...?"
"ਉਹ ਕਿਰਪਾਨਾਂ ਤਿੱਖੀਆਂ ਕਰ ਰਹੇ ਨੇ ਹਜ਼ੂਰ"
"ਹੋਰ ਕਿੰਨੀਆਂ ਕੁ ਤਿੱਖੀਆਂ ਕਰਨਗੇ.. ਤੇ ਜਹਾਨ ਖਾਂ ਦਾ ਮੁੜਕਾ ਤਿਪ ਤਿਪ ਡਿੱਗਣ ਲੱਗਾ।