

ਪਤਾ ਨਹੀਂ ਕਿੱਧਰੋਂ ਆਵਾਜ਼ ਆਈ। ਭਾਈ ਧਰਮ ਸਿੰਘ ਪਾਸੇ ਹੋ ਗਿਆ। ਕਮਾਲ ਹੋ ਰਿਹਾ ਸੀ। ਕਰਾਮਾਤ ਹੋ ਰਹੀ ਸੀ। ਗਜ਼ਬ ਵਰਤਾਰਾ ਵਾਪਰ ਰਿਹਾ ਸੀ। ਪਠਾਨਾ ਦੇ ਘੋੜੇ ਰੁਕ ਗਏ। ਸਿੰਘਾਂ ਦੇ ਹੱਥ ਜੁੜ ਗਏ। ਖਾਲਸੇ ਦੇ ਤੁਰੰਗਾਂ ਨੇ ਮੱਥੇ ਧਰਤੀ ਨੂੰ ਛੁਹਾ ਮੱਥਾ ਟੇਕਿਆ। ਚੰਦ ਸੂਰਜ ਨੇ ਨਮਸਕਾਰ ਕੀਤੀ। ਦੇਵਤਿਆਂ ਫੁੱਲ ਬਰਸਾਏ।
ਸ਼ਹੀਦ ਸਿੰਘਾਂ ਵਿਚੋਂ ਭਾਈ ਮਨੀ ਸਿੰਘ ਜੀ ਨੇ ਜੈਕਾਰਾ ਛੱਡਿਆ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ, ਧੰਨ ਧੰਨ ਧੰਨ ਭਾਈ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
'ਸਤਿ ਸ੍ਰੀ ਅਕਾਲ' ਦੀਆਂ ਲੱਖਾਂ ਆਵਾਜ਼ਾਂ ਆਈਆਂ।
ਬਾਬਾ ਜੀ ਦਾ ਧੜ੍ਹ ਖੜਾ ਹੋਇਆ। ਖੰਡਾ ਉਹਨਾਂ ਦੇ ਹੱਥ ਵਿਚ ਹੀ ਸੀ। ਖੱਬੇ ਹੱਥ ਨਾਲ ਉਹਨਾਂ ਸੀਸ ਚੁੱਕਿਆ ਤੇ ਤਲੀ 'ਤੇ ਟਿਕਾ ਲਿਆ।
ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜਿਆ, "ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥" ਬਾਬਾ ਜੀ ਅੱਗੇ ਵਧੇ। ਹੁਣ ਮੂਹਰੇ ਕੋਈ ਨਹੀਂ ਸੀ। ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿਚੋਂ ਭੱਜਣ ਲੱਗੇ। ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ, ਪਰ ਕੋਈ ਸਿਪਾਹੀ ਹੁਣ ਰੁਕਣ ਵਾਲਾ ਨਹੀਂ ਸੀ। ਐਸੀ ਘਟਨਾ ਵਾਪਰੀ ਸੀ, ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ ਸੀ, ਲੜਾਈ ਹੁਣ ਅਫਗਾਨਾ ਨੂੰ ਕਦ ਸੁੱਝਦੀ ਸੀ।
"ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ ਹਜ਼ੂਰ ਨਹੀਂ ਲੜਿਆ ਜਾ ਸਕਦਾ", ਕਿਸੇ ਸੂਹੀਏ ਨੇ ਤੈਮੂਰ ਨੂੰ ਖਬਰ ਪੁਚਾਈ।
"ਕਿਉਂ... ਲੜਿਆ ਕਿਉਂ ਨਹੀਂ ਜਾ ਸਕਦਾ ", ਤੈਮੂਰ ਬੋਲਿਆ।
"ਸਾਡੀ ਫੌਜ ਨੂੰ ਇਸ ਤਰ੍ਹਾਂ ਲੜਨ ਦਾ ਵੱਲ ਨਹੀਂ ਹਜ਼ੂਰ"
“ਕਿਸ ਤਰ੍ਹਾਂ ਦਾ ਵੱਲ ਨਹੀਂ ਸਾਡੀ ਫੌਜ ਨੂੰ ਕਿਸ ਤਰ੍ਹਾਂ ਲੜ ਰਹੇ ਨੇ ਸਿੰਘ"
"ਸਿਰ ਤਲੀ 'ਤੇ ਧਰ ਕੇ", ਸੂਹੀਆ ਬੋਲਿਆ।
..ਤੇ ਹਾਂ... ਜੰਗ ਵਿਚ ਸਾਡੇ ਸੂਰਮੇ ਵੀ ਜਾਨ ਤਲੀ 'ਤੇ ਧਰ ਕੇ ਹੀ ਲੜਦੇ ਨੇ", ਤੈਮੂਰ ਦੇ ਗੱਲ ਪੂਰੀ ਤਰ੍ਹਾਂ ਖਾਨੇ ਨਹੀਂ ਪਈ ਸੀ।