Back ArrowLogo
Info
Profile
ਜੀ ਔਹ ਸੁਨਹਿਰੀ ਬੱਦਲ ਤੇ ਹੀਰਿਆਂ ਦੇ ਤਖ਼ਤ ਉੱਤੇ ਆ ਬੈਠੇ ਨੇ, ਔਹ ਤੱਕੋ ਨਾਂ, ਮਰਦਾਨਾ ਸ਼ਬਦ ਗਾਉਂਦਾ ਏ, ਲੌ ਸਾਂਈਂ ਜੀ! ਹੁਣ ਨਾਂ ਬੋਲਣਾ, ਸ਼ਬਦ ਸੁਣ ਲੈਣ ਦਿਓ।

ਕੁੜੀ ਤਾਂ ਇਹ ਕਹਿਕੇ ਸੁਨਹਿਰੀ ਬੱਦਲ ਤੇ ਟਕ ਲਾਕੇ ਜੁੜ ਗਈ, ਅੱਖਾਂ ਝਮਕਣਾ ਭੁੱਲ ਗਈਆਂ, ਚਿਹਰਾ ਦਮਕ ਵਾਲਾ ਹੋ ਗਿਆ, ਅਰ ਉਹ ਸੁਣਨ ਵਿਚ ਲੱਗ ਪਈ। ਕੁੜੀ ਤਾਂ ਦਿੱਵਯ ਗੀਤ ਦੇ ਸੁਣਨ ਵਿਚ ਮਸਤ ਹੈ ਅਰ ਸਾਂਈਂ ਲੋਕ ਉਸ ਦੇ ਨੂਰ ਭਰੇ ਟਿਕੇ, ਜੁੜੇ, ਮਗਨ ਹੋਏ ਚਿਹਰੇ ਵੱਲ ਤੱਕ ਤੱਕ ਕੇ ਹੈਰਾਨ ਹੋ ਰਿਹਾ ਤੇ ਕਹਿ ਰਿਹਾ ਹੈ-

"ਹੇ ਸਾਂਈਂ! ਧਿਕਾਰ ਮੇਰੀ ਅਕਲ ਦੇ, ਅਰ ਸਾਬਾਸ਼ ਇਸਦੇ ਭੋਲੇਪਨ ਦੇ, ਇਹ ਕਿਸ ਸਿਦਕ ਵਿਚ ਹੈ ਅਰ ਕਿਹੜੇ ਗੂੜ੍ਹੇ ਰੰਗ ਵਿਚ ਹੈ? ਇਕ ਦਿਨ ਦਰਸ਼ਨ ਕਰਕੇ ਦਰਸ਼ਨ ਆਪ ਹੀ ਹੋ ਰਹੀ ਹੈ, ਫੇਰ ਨਾਂ ਕੋਈ ਮਾਣ ਹੈ, ਨਾਂ ਪਤਾ ਹੈ ਕਿ ਫ਼ਕੀਰ ਹਾਂ ਕਿ ਤਪੀ ਹਾਂ, ਕਿ ਰਸੀਆ ਹਾਂ। ਹਾਏ! ਸਾਂਈਆਂ ਮੇਰੀ ਉਮਰ ਦਾ ਵਲ੍ਹੇਟਿਆ ਗਿਆ ਵੇਲਣਾ ਫੇਰ ਖੋਲ੍ਹ ਦੇਹ, ਮੈਂ ਨਵੇਂ ਸਿਰੇ ਜੀਵਨ ਸ਼ੁਰੂ ਕਰਾਂ, ਮੈਂ ਇਸ ਬਾਲੀ ਵਾਂਗੂ ਭੋਲਾ ਰਹਾਂ, ਮੈਂ ਅਕਲ ਨੂੰ, ਫਿਕਰ ਨੂੰ, ਅੰਦੇਸ਼ਿਆਂ ਨੂੰ, ਆਸਾਂ ਨੂੰ ਦੂਰ ਰੱਖਾਂ, ਸਿਦਕ ਵਿਚ ਵੱਸਾਂ, ....ਓਹ ਹੋ ਕੀਹ ਕਹਾਂ-

“ ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ ॥

ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥”

(ਸਲੋਕ ਫਰੀਦ)

ਮੈਂ ਅਕਲ ਨਾਲ ਕਿਉਂ ਵਿਵਾਹ ਕੀਤਾ, ਕੀਤਾ ਤਾਂ ਮਾਮਲੇ ਪਏ। ਹਾਏ! ਹੁਣ ਕੁਆਰੀ ਕੀਕੂੰ ਹੋਵਾਂ? ਕੀਕੂ ਅਕਲ ਨੂੰ ਤਲਾਕ ਦਿਆਂ। ਕਾਸ਼! ਅਕਲ ਕਦੇ ਨਾ ਆਉਂਦੀ ਕਾਸ਼! ਮੇਰੇ ਭੋਲੇਪਨ ਵਿਚ, ਮੇਰੀ ਬਾਲੀ ਉਮਰਾ ਵਿਚ, ਮੇਰਾ ਪ੍ਰੀਤਮ ਨਾਲ ਨੇਹੁੰ ਲੱਗਦਾ। ਮੇਰਾ ਅਕਲ ਨਾਲ ਵਿਆਹ ਨਾ ਹੁੰਦਾ, ਮੇਰਾ ਪ੍ਰੀਤਮ ਨਾਲ ਵਿਆਹ ਹੁੰਦਾ। ਹੁਣ ਕੀ ਕਰਾਂ? ਪੱਛੋਤਾਵਾ ਹੀ ਪੱਛੋਤਾਵਾ ਹੈ, ਕੌਣ ਜਾਚ ਸਿਖਾਵੇ ਕਿ ਮੈਂ ਅਕਲ ਨਾਲ ਤਲਾਕ ਲਵਾਂ ? ਕੀਕੂੰ ਲਵਾਂ?

13 / 55
Previous
Next