ਫ਼ਕੀਰ ਇਉਂ ਅਪਣੀ ਬੀਤ ਗਈ ਤੇ ਮੁੜ ਨਾ ਆਉਣ ਵਾਲੀ ਤੇ ਰੋਂਦਾ ਰੋਂਦਾ ਅੱਖਾਂ ਮੀਟਕੇ ਸੌਂ ਗਿਆ!
ਕੁਛ ਚਿਰ ਪਿਛੋਂ ਅੱਖਾਂ ਖੁਲ੍ਹੀਆਂ ਤਾਂ ਉਹ ਮੁਟਿਆਰ ਹੈ ਨਹੀਂ, ਪਰ ਇਕ ਅਜੀਬ ਮੋਹਨੀ ਸੂਰਤ ਉਸੇ ਸ਼ਿਲਾ ਤੇ ਬੈਠੀ ਹੈ, ਨੈਣ ਬੰਦ ਹਨ, ਪਰ ਚਿਹਰਾ ਇਸ ਤਰ੍ਹਾਂ ਦਮਕਦਾ ਹੈ ਕਿ ਹਜ਼ਾਰ ਚਮਕਦੇ ਪਰ ਠੰਢੇ ਸੂਰਜ ਤਾਬ ਨਾ ਲਿਆਸਕਣ। ਸੁੰਦਰਤਾ ਹੈ ਕਿ ਸੁੰਦਰ ਹੈ, ਛਬੀ ਹੈ ਕਿ ਸੁਹੱਣਪ ਸਾਰੀ ਆਪੇ ਆ ਫਬੀ ਹੈ। ਇਸ ਦਰਸ਼ਨ ਦਾ ਕੋਈ ਐਸਾ ਕਟਕ ਦਾ ਝਲਕਾ ਵੱਜਾ ਕਿ ਫ਼ਕੀਰ ਦੇ ਅੰਦਰ ਇਕ ਧੂਹ ਪਈ। ਆਹ! ਤਪਾਂ ਵਰ੍ਹੇ ਲੰਘਾ ਚੁਕੇ ਸਾਂਈਂ ਲੋਕ ਨੂੰ ਅੱਜ ਪਹਿਲਾ ਦਿਨ ਆਇਆ ਕਿ ਕਲੇਜੇ ਨੂੰ ਖਿੱਚ ਵੱਜੀ, ਦਰਸ਼ਨ, ਜੋ ਸਾਹਮਣੇ ਸੀ, ਇਸ ਤਰ੍ਹਾਂ ਅਚੰਭੇ ਵਾਲਾ ਸੀ ਕਿ ਪਹਿਲੀ ਲਿਸ਼ਕੇ ਤਾਂ ਸਾਂਈਂ ਲੋਕ ਹੁਰੀਂ ਵਿਸਮਾਦ ਵਿਚ ਜਾ ਵੱਸੇ ਤੇ ਦੂਜੇ ਲਿਸ਼ਕਾਰੇ ਉਹ ਅਗੰਮ ਦੀ ਛਿੱਕੀ ਪਈ ਕਿ ਸਾਂਈਂ ਲੋਕ ਦੀ ਜਾਣੋਂ ਉਹ ਉਮੰਗਾਂ ਤੇ ਚਾਵਾਂ ਭਰੀ ਜੁਆਨੀ ਮੁੜ ਆਈ ਹੈ, ਜਿਸ ਵਿਚ ਕਲੇਜਾ ਉਮਾਹ ਨਾਲ ਹੀ ਉਛਲਦਾ ਰਹਿੰਦਾ ਹੈ। ਖਿੱਚ ਪਈ, ਦਰਸ਼ਨ ਅਤਿ ਪਿਆਰਾ ਲੱਗਾ, ਤਪਾਂ, ਹਠਾਂ ਨਾਲ ਪੱਕ ਚੁੱਕੇ ਕਲੇਜੇ ਦਾ ਥਰ ਟੁੱਟਾ, ਪਿਆਰ ਦੀ ਲਹਿਰ ਨੇ ਵਦਾਣ ਮਾਰਿਆ, ਰਸਤਾ ਖੁੱਲਿਆ, ਰਸ ਹੁਲਾਰੇ ਲੈਕੇ ਅੰਦਰ ਜਾ ਵੜਿਆ। ਬੁੱਢਣਸ਼ਾਹ ਦੀਆਂ ਅੱਖਾਂ ਵਿਚ ਹੁਣ ਮਗਨਤਾ ਹੈ, ਸਿਰ ਵਿਚ ਸਰੂਰ ਹੈ! ਕਦੇ ਅੱਖਾਂ ਖੁਹਲਦਾ ਤੇ ਦਰਸ਼ਨ ਕਰਦਾ ਹੈ, ਕਦੇ ਸੁਆਦ ਦੇ ਡਾਢੇ ਭਾਰ ਨਾਲ ਛੱਪਰ ਝੁਕ ਪੈਂਦੇ ਹਨ ਤੇ ਅੱਖਾਂ ਬੰਦ ਹੋ ਜਾਂਦੀਆਂ ਹਨ, ਫੇਰ ਜ਼ੋਰ ਲਾਕੇ ਖੋਹਲਦਾ ਹੈ, ਦਰਸ਼ਨ ਕਰਦਾ ਹੈ, ਨੈਣ ਮੁੰਦ ਜਾਂਦੇ ਹਨ।
ਵਾਹ ਬੁੱਢਣ ਸ਼ਾਹ! ਤੇਰੇ ਧੰਨ ਭਾਗ, ਜਿਨ ਏਹ ਦਰਸ਼ਨ ਪਾਏ! ਤੈਨੂੰ ਵਧਾਈ ਹੋਵੇ ਕਿ ਅੰਤ ਤੋਂ ਪਹਿਲੇ ਤੈਨੂੰ ਪਿਰਮ ਰਸਾਂ ਦਾ ਛਾਂਦਾ ਮਿਲ ਗਿਆ।
––––––––––––