"ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ
ਰਸਿਕ ਬੈਰਾਗੀ॥ ਮਿਟਿਓ ਅੰਧੇਰੁ ਮਿਲਤ ਹਰਿ ਨਾਨਕ
ਜਨਮ ਜਨਮ ਕੀ ਸੋਈਜਾਗੀ॥੨॥੨॥੧੧੯॥”
(ਗਉ: ਮ: ੫, ਪੰ: ੨੦੪)
ਜਿਸ ਵੇਲੇ ਮੁਟਿਆਰ ਨੇ ਕਿਹਾ ਸੀ ਕਿ ਮੈਨੂੰ ਐਉਂ ਲਗਦਾ ਹੈ ਜਿਵੇਂ ਸੁੱਤੇ ਜਾਗੇ ਹਾਂ, ਬੁੱਢਣ ਸ਼ਾਹ ਨੂੰ ਸਮਝ ਨਹੀਂ ਆਈ ਸੀ। ਹੁਣ ਜਦ ਆ ਵਾਪਰੀ, ਆਪਣੇ ਮਨ ਉੱਤੇ ਜੀਵਨ ਰੌ ਫਿਰੀ, ਜਦ ਸੱਚੇ ਸਤਿਗੁਰ ਨੇ 'ਮਾਣਸ ਤੇ ਦੇਵਤੇ ਕੀਏ' ਦਾ ਨਵਾਂ ਜਨਮ ਦੇ ਦਿੱਤਾ, ਮਨੁੱਖਪਨੇ ਤੋਂ ਮਾਰਕੇ ਦੈਵੀ ਜੀਵਨ ਦਾਨ ਕੀਤਾ ਤਦ ਐਉਂ ਜਾਪੇ ਜਿਕੂੰ ਜਨਮ ਦਾ ਸੁੱਤਾ ਜਾਗ ਪਿਆ ਹਾਂ। ਨਿਰਾਸਾ ਟੁਰ ਗਈ, ਮੌਤ ਦਾ ਭੈ ਬਿਲਾ ਗਿਆ, ਅੱਖਾਂ ਚਮਕ ਉੱਠੀਆਂ। ਸਰੀਰ ਹਲਕਾ ਫੁੱਲ ਹੈ, ਮਨ ਠੰਢਾ ਨਿਹਾਲ ਤੇ ਉਚੇਰਾ ਹੈ, ਨਜ਼ਰ ਜਿੱਧਰ ਜਾਂਦੀ ਹੈ ਸੁੰਦਰਤਾ ਤੇ ਰਸ ਦੀ ਛਹਿਬਰ ਲੱਗੀ ਤੱਕਦੀ ਹੈ। ਵਾਹ ਭਾਗਾਂ ਵਾਲੇ ਬੁੱਢਣ ਸ਼ਾਹ! ਤੇਰੀ ਸਦਗਤੀ ਹੋਈ।
ਸਤਿਗੁਰ ਨਾਨਕ ਨੇ ਪਿਆਰ ਦੇਕੇ ਉਠਾਲ ਕੇ ਬਹਾ ਲਿਆ ਤੇ ਆਖਿਆ:- ਸਤਿਨਾਮ ਦਾ ਸਿਮਰਨ ਕਰ, ਪਰ ਦੇਖ! ਹੁਣ ਤੇਰੇ ਲੂੰ ਲੂੰ ਵਿਚ ਸਿਮਰਨ ਹੈ, ਜਿਸ ਵਿਚ ਜੀਵਨ ਰੋ ਹੈ ਤੇ ਪ੍ਰੇਮ ਦਾ ਹੁਲਾਰਾ ਹੈ, ਹੁਣ ਤੂੰ ਫਕੀਰ ਹੈਂ, ਮਗਨ ਹੋ!”
ਇਉਂ ਕਹਿੰਦੇ ਬੁੱਢਣਸ਼ਾਹ ਜੀ ਐਸੇ ਰੰਗ ਵਿਚ ਡੁੱਬੇ ਕਿ ਦੋ ਪਹਿਰ ਮਗਨ ਰਹੇ। ਫਿਰ ਸਤਿਗੁਰ ਨੇ ਜਗਾਇਆ, ਪਰ ਹੁਣ ਰੰਗ ਕੁਛ ਹੋਰ ਹੈ, ਸਤਿਗੁਰ ਜੀ ਜਾਣੇ ਨੂੰ ਤਿਆਰ ਹਨ ਤੇ ਪ੍ਰੇਮੀ ਦੇ ਮਨ ਨੂੰ ਵਿਛੋੜਾ ਸੱਲਦਾ ਹੈ, ਸਤਿਗੁਰੂ ਜੀ ਦੇ ਚਰਨਾਂ ਨੂੰ ਲਿਪਟ ਲਿਪਟ ਕੇ ਰੋਂਦਾ ਤੇ ਹਾਵੇ ਕੱਢਦਾ ਹੈ ਜਿਨ੍ਹਾਂ ਦਾ ਭਾਵ ਐਉਂ ਕੁਝ ਸਮਝ ਪੈਂਦਾ ਹੈ:-
ਸੁੱਤੇ ਨੂੰ ਆ ਜਗਾਕੇ, ਹਿਰਦੇ ਪ੍ਰੀਤ
ਪਾਕੇ, ਮੋਏ ਨੂੰ ਜੀ ਜਿਵਾਕੇ, ਢੱਠੇ ਨੂੰ ਗਲ ਲਗਾਕੇ,
ਅਪਣਾ ਬਣਾਕੇ ਸਾਂਈਂ! ਸਾਨੂੰ ਨ ਛੱਡ ਜਾਂਈਂ।