ਪਿਤਾ ਗੁਰੂ ਜੀ ਦੀ ਆਗਯਾ ਪਾ ਕੇ ਪਰਮਾਰਥ ਦੇ ਪ੍ਰੇਮੀ,
ਸ਼ਕਤੀਵਾਨ,
ਕਲਾਧਾਰੀ ਤੇ ਨਾਮ-ਰਸੀਆ ਬਾਬਾ ਗੁਰਦਿੱਤਾ ਜੀ,
ਜੋ ਛੋਟੀ ਉਮਰੇ ਹੀ ਬਾਬਾ ਜੀ ਕਹਿਲਾਂਦੇ ਸੇ,
ਸਤਲੁਜ ਪਾਰ ਹੋ,
ਪਹਾੜਾਂ ਨੂੰ ਟੁਰ ਪਏ,
ਪਿਤਾ ਗੁਰੂ ਜੀ ਦੇ ਦਸੇ ਟਿਕਾਣੇ ਅਪੜੇ। ਉੱਚੀ ਜਗ੍ਹਾ ਤੇ ਜਾ ਚੜ੍ਹੇ,
ਉਪਰ ਜਾ ਕੇ ਚਾਰ ਚੁਫੇਰੇ ਦਾ ਰਮਣੀਕ ਨਜ਼ਾਰਾ ਦੇਖ ਕੇ ਜੀ ਖਿੜ ਗਿਆ,
ਮਨ ਵਿਚ ਸੁਆਦ ਆ ਗਿਆ,
ਕਹਿਣ ਲੱਗੇ ਗੁਰੂ ਬਾਬਾ ਕਹੇ ਕਹੇ ਸੋਹਣੇ ਟਿਕਾਣੇ ਡੇਰੇ ਲਾਂਦਾ ਰਿਹਾ ਹੈ,
ਕੁਝ ਅਗੇ ਜਾ ਕੇ ਡਿੱਠਾ ਕੇ ਸ਼ੇਰ ਬਕਰੀਆਂ ਚਾਰ ਰਿਹਾ ਹੈ,
ਤੱਕ ਕੇ ਬਾਬਾ ਗੁਰਦਿੱਤਾ ਜੀ ਤਾੜ ਗਏ ਕਿ ਠੀਕ ਟਿਕਾਣੇ ਸਿਰ ਆ ਗਏ ਹਾਂ। ਇਹ ਫ਼ਕੀਰ ਦਾ ਟਿਕਾਣਾ ਹੈ,
ਜਿੱਥੇ ਸ਼ੇਰ ਬਕਰੀ ਪ੍ਰੇਮ ਕਰ ਰਹੇ ਹਨ। ਓਧਰੋਂ ਬੁੱਢਣ ਸ਼ਾਹ ਦੀ ਨਜ਼ਰ ਪਈ ਕਿ ਘੋੜੇ ਤੇ ਚੜ੍ਹਕੇ ਕੋਈ ਆ ਰਿਹਾ ਹੈ। ਇਹ ਤਾਂ ਓਹੋ ਪਹਿਲਾ ਦਰਸ਼ਨ ਜਾਪਦਾ ਹੈ,
ਜੋ ਗੁਰੂ ਬਾਬੇ ਆਖਿਆ ਸੀ ਕਿ ਪਹਿਲਾਂ ਸਤਿਗੁਰ ਦਾ ਪੁਤ੍ਰ ਆਵੇਗਾ। ਸਾਈਂ ਜਾਣੇ ਓਹੋ ਸ਼ਹਿਜ਼ਾਦਾ ਆਇਆ ਹੈ। ਮੱਥਾ ਖਿੜਿਆ ਹੈ,
ਚੇਹਰਾ ਰਸ-ਦਾਇਕ ਹੈ,
ਨਾਮ ਦੀ ਖੁਸ਼ਬੋ ਆਉਂਦੀ ਹੈ,
ਠੀਕ ਸਤਿਗੁਰ ਬਾਲਕਾ ਆਇਆ ਹੈ,
ਬੁੱਢੇ ਨੇ ਉਠ ਕੇ ਰਕਾਬ ਤੇ ਜਾ ਸਿਰ ਧਰਿਆ,
ਗੁਰਦਿੱਤਾ ਜੀ ਨੇ ਹੇਠਾਂ ਉੱਤਰ ਕੇ ਸਿਰ ਸੰਭਾਲਿਆ,
ਘੁਟਕੇ ਮਿਲੇ।
ਬੁੱਢਣ ਸ਼ਾਹ- ਕੀਹ ਆਪ ਹੀ ਇਹ ਪਰਤਾਪੀ ਬਾਣਾ ਧਾਰ ਕੇ ਆਏ ਹੋ?
ਗੁਰਦਿੱਤਾ ਜੀ- ਆਪ ਤਾਂ ਮੇਰੇ ਮਗਰੋਂ ਆਉਣਗੇ, ਮੈਂ ਅੱਗੋਂ ਦਾਸ ਆਇਆ ਹਾਂ ਜੋ ਮਾਲਕ ਦੇ ਬੈਠਣ ਨੂੰ ਜਗਾ ਬਣਾਵਾਂ। ਮੈਂ ਓਹ ਨਹੀਂ, ਪਰ ਮੈਂ “ਉਹ” ਦਾ ਝਾੜੂ ਬਰਦਾਰ ਹਾਂ। ਦੁੱਧ ਤਯਾਰ ਮੈਂ ਕਰਾਵਾਂਗਾ, ਕਟੋਰਾ ਭਰ ਕੇ ਪੀਣਗੇ ਉਹੋ, ਜੋ ਤੇਰੇ ਮੇਰੇ ਮਾਲਕ ਹਨ।
ਬੁੱਢਣ ਸ਼ਾਹ ਨੂੰ ਸਾਰੀਆਂ ਨਿਸ਼ਾਨੀਆਂ ਮਿਲੀਆਂ, ਪਯਾਰੇ ਦੇ ਪੁਤ ਦਾ ਪ੍ਰੇਮ ਗਦ ਗਦ ਕਰ ਗਿਆ, ਸਰੀਰ ਹੁਣ ਬਹੁਤ ਬੁੱਢਾ ਸੀ, ਪਰ-
–––––––––––––––
* ਇਕ ਰਵਾਯਤ ਇਹ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਦੁੱਧ ਪੀਣਾ ਸੀ ਤੇ ਪੀਤਾ ਸੀ। ਪਰ ਗੁਰਦਿੱਤਾ ਜੀ ਗੱਦੀ ਤੇ ਨਹੀਂ ਸਨ ਬਿਰਾਜੇ, ਇਸ ਕਰਕੇ, ਉਹ 'ਗੁਰੂ ਨਾਨਕ' ਨਹੀ ਸੇ, ਤੇ ਦੁੱਧ 'ਗੁਰੂ ਨਾਨਕ' ਨੇ ਛੇਵੇਂ ਜਾਮੇ ਪੀਣਾ ਸੀ।