ਹਰ ਸ਼ੈ ਵਿਚ ਵਿਸਮਾਦ ਦੀਹਦਾ ਸੀ?
ਗੁਰਦਿਤਾ ਜੀ— ਕਿਉਂਕਿ ਉਨ੍ਹਾਂ ਦੇ ਮਨ ਵਿਚ ਵੈਰ, ਭਉ, ਤ੍ਰਿਸ਼ਨਾਂ ਨਹੀਂ ਸਨ, ਉਨ੍ਹਾਂ ਦਾ ਮਨ ਪਰਮੇਸ਼ੁਰ ਦੇ ਪ੍ਯਾਰ ਵਿਚ ਲਿਵਲੀਨ ਸੀ, ਉਹ ਵਾਹਿਗੁਰੂ ਦੀ ਸੁੰਦਰਤਾ ਵਿਚ ਸਦਾ ਰਸ ਲੀਨ ਸੇ, ਇਸ ਕਰਕੇ ਹਰ ਨਿੱਕੀ ਤੋਂ ਨਿੱਕੀ ਸੁੰਦਰਤਾ ਉਨ੍ਹਾਂ ਲਈ ਵਿਸਮਾਦ ਭਾਵ ਉਤਪੰਨ ਕਰ ਰਹੀ ਸੀ। ਤੁਸੀਂ ਦੇਖੋ, ਕੁਦਰਤ ਦੇ ਚਮਤਕਾਰ ਤਕ ਕੇ ਓਹ ਵਿਸਮਾਦ ਹੁੰਦੇ ਹਨ। ਫਿਰ ਇਹ ਵਿਸਮਾਦ ਉਨ੍ਹਾਂ ਨੂੰ ਅਚਰਜ ਰੂਪ ਹੋ ਦਿਸਦਾ ਹੈ, ਕਦੇ ਤਾਂ ਐਉਂ ਵਿਸਮਾਦ ਹੁੰਦੇ ਹਨ, ਮਾਨੋਂ ਅੱਖਾਂ ਨਾਲ ਸੁੰਦਰਤਾ ਤੱਕੀ ਹੈ। ਕਦੀ ਇਨ੍ਹਾਂ ਕੁਦਰਤੀ ਪਦਾਰਥਾਂ ਵਿਚੋਂ ਉਨ੍ਹਾਂ ਨੂੰ ਪਰਮੇਸ਼ਰ ਦੀ ਇਲਾਹੀ ਧੁਨ ਸੁਣਾਈ ਦੇਂਦੀ ਹੈ। 'ਸੋਦਰੁ' ਵਿਚ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦਾ ਕੀਰਤਨ ਕਰ ਰਹੇ ਸੁਣਦੇ ਹਨ। ਕੀਰਤਨ ਸੰਗੀਤ ਵੀ ਇਕ ਸੁੰਦਰਤਾ ਹੈ, ਜਿਸਦਾ ਅਨੁਭਵ ਕੰਨਾਂ ਦੁਆਰਾ ਹੁੰਦਾ ਹੈ। ਕਿਤੇ ਗੁਰੂ ਬਾਬੇ ਜੀ ਨੂੰ ਕੁਦਰਤ ਦੇ ਨਜ਼ਾਰੇ, ਨਾਲੇ ਅੱਖਾਂ ਨਾਲ, ਨਾਲੇ ਕੰਨਾਂ ਨਾਲ ਵਿਸਮਾਦ ਦੇ ਰਹੇ ਹਨ ਕਿ ਆਰਤੀ ਦਾ ਸਾਜ ਸਜਿਆ ਦਿਸਦਾ ਹੈ, ਨਾਲੇ ਆਰਤੀ ਦਾ ਗਾਇਨ ਤੇ ਕੀਰਤਨ ਸੁਣਾਈ ਦੇ ਰਿਹਾ ਹੈ। ਜੋ ਗਗਨ, ਰਵ, ਚੰਦ, ਤਾਰੇ, ਮਲ੍ਯਾਨ ਪੌਣ, ਬਨਸਪਤੀ ਸਾਨੂੰ ਵਸਤਾਂ ਦਿਸਦੇ ਹਨ, ਗੁਰੂ ਬਾਬੇ ਨੂੰ ਆਰਤੀ ਕਰ ਰਹੇ, ਆਰਤੀ ਗਾ ਰਹੇ, ਦਿਸਦੇ ਹਨ ਅਰ ਵਿਸਮਾਦ ਕਰ ਰਹੇ ਹਨ। ਗੱਲ ਕੀ ਉਨ੍ਹਾਂ ਦੀ ਲਿਵਲੀਨ ਆਤਮਾ ਨੂੰ ਹਰ ਪਾਸਿਓਂ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਕੁਦਰਤੀ ਚਮਤਕਾਰ ਤੋਂ ਵਿਸਮਾਦ ਦੀ ਬਰਖਾ ਹੋ ਰਹੀ ਦਿਸਦੀ ਹੈ। ਗੁਰੂ ਆਪਣੇ ਆਤਮਾ ਦੇ ਝਲਕਾਰੇ ਨਾਲ, ਆਪਣੇ ਦਰਸ਼ਨ ਕਰਨ-ਹਾਰਿਆਂ ਵਿਚ ਏਹ ਰਸ ਪਾਂਦਾ ਹੈ।
ਬੁੱਢਣ ਸ਼ਾਹ— ਫਿਰ ਇਹ ਇਕ ਦਾਤ ਹੈ, ਨਿਰੋਲ ਦਾਤ ਹੈ, ਕਿਸੇ ਸਾਧਨ ਜਤਨ ਦਾ ਫਲ ਤਾਂ ਨਹੀਂ ਨਾ। ਮੇਰੇ ਨਾਲ ਤਾਂ ਇੰਞੇ ਵਰਤਿਆ ਹੈ।
ਗੁਰਦਿੱਤਾ ਜੀ- ਠੀਕ ਹੈ, ਇਹ ਇਲਾਹੀ ਦਾਤ ਹੈ, ਇਹ ਨਦਰ ਹੈ, ਜਿਸ ਵਲ ਸਤਿਗੁਰੂ ਨਾਨਕ ਨੇ ਆਪਣੇ ਪ੍ਯਾਰ ਨਾਲ ਤੱਕਿਆ, ਉਸ ਨੂੰ ਗੁਰੂ