ਬੁੱਢਣ ਸ਼ਾਹ- ਘਾਲ ਕੀ ਹੈ ?
ਗੁਰਦਿੱਤਾ ਜੀ— ਘਾਲ, ਆਪਾ ਨਿਵਾਰਨਾ, ਮਨ ਵਿਚ ਤ੍ਯਾਗ ਦਾ ਵਸਾਣਾ, ਮਨ ਗਿਣਤੀਆਂ ਵਿਚ ਘਟ ਵਰਤੇ, ਅਰਥਾਤ ਵੈਰ, ਭੈ, ਖਾਹਿਸ਼ਾਂ, 'ਲਵਾਂ, ਲਵਾਂ, ਇਨ੍ਹਾਂ ਨਾਲ ਨਿਹੁੰ ਤੋੜੇ, ਕੰਮ ਕਰੇ, ਫਲ ਦੀ ਵਾਸ਼ਨਾ ਨਾ ਕਰੇ, ਕਿਸੇ ਆਪਣੀ ਇਛ੍ਯਾ ਦਾ ਗੁਲਾਮ ਨਾ ਬਣੇ, ਜੋ ਕਮ ਕਰੇ ਨਿਰਵਾਸ ਕਰੇ, ਭੈ ਨਾ ਖਾਵੇ, ਵੈਰ ਨਾ ਕਰੇ, ਮੋਹ ਵਿਚ ਨਾ ਫਸੇ, ਗਲ ਕੀ ਆਪਾ ਨਿਵਾਰੇ।
ਬੁੱਢਣ ਸ਼ਾਹ— ਏਹ ਬੀ ਬੜਾ ਕਠਨ ਹੈ, ਕੋਈ ਜੁਗਤ ?
ਗੁਰਦਿੱਤਾ ਜੀ— ਹਰ ਚੜ੍ਹਾਈ ਔਖੀ ਤਾਂ ਹੁੰਦੀ ਹੈ, ਪਰ ਉਚ੍ਯਾਂ ਲੈ ਜਾਂਦੀ ਹੈ, ਜੁਗਤ ਏਸਦੀ ਗੁਰੂ ਬਾਬੇ ਨੇ 'ਸੇਵਾ' ਰੱਖੀ ਹੈ, ਨਿਰਚਾਹ ਹੋ ਕੇ ਭਲੇ ਦੇ ਕੰਮ ਕਰਨੇ, ਕੋਈ ਆਪਣੀ ਖਾਹਿਸ਼, ਕੋਈ ਲਾਭ, ਗਉਂ, ਫਲ ਦੀ ਆਸ, ਨਾ ਰਖਣੀ ਤੇ ਸੇਵਾ ਕਰਨੀ, ਇਸ ਤ੍ਰੀਕੇ ਨਾਲ ਇਹ ਸੁਭਾ ਪੱਕਦਾ ਹੈ। ਤੁਸੀਂ ਆਖਿਆ ਹੈ ਕਿ ਕਾਕੀ ਆ ਕੇ ਤੁਹਾਡੇ ਚੋਲੇ ਧੋ ਦਿਆ ਕਰਦੀ ਸੀ, ਉਹ ਨਿਰਵਾਸ ਅਚਾਹ ਸੇਵਾ ਕਰਦੀ ਸੀ, ਉਹ ਆਪਣੇ ਮਨ ਨੂੰ 'ਆਪਾ ਨਿਵਾਰਨ ਸੁਭਾ ਵਿਚ ਪਕਾਂਦੀ ਸੀ, ਯਾ ਸੁਭਾ ਹੀ ਆਪਾ ਨਿਵਾਰਨ ਦਾ ਹੋ ਚੁਕਾ ਸੀ ਤੇ ਉਸਦੇ ਕੰਮ ਸੁਤੇ ਸਿੱਧ ਸੇਵਾ ਦੇ ਸਨ। ਗੁਰੂ ਬਾਬੇ ਦੇ ਘਰ ਵਿਚ ਨਿਸ਼ਕਾਮ ਸੇਵਾ ਇਸ ਰਸਤੇ ਦਾ ਪਹਿਲਾ ਡੰਡਾ ਰੱਖਿਆ ਹੈ।
ਬੁੱਢਣ ਸ਼ਾਹ— ਇਸ ਤਰ੍ਹਾਂ ਤਾਂ ਮਨ ਤਯਾਰ ਰਹੂ ਕਿ ਜੇ ਕੋਈ ਨਦਰ ਦਾ ਝਲਕਾ ਵਜੇ ਤਾਂ ਸਫਲ ਹੋਵੇ, ਪਰ ਕੋਈ ਹੋਰ ਉਪਰਾਲਾ ਬੀ ਹੈ ਕਿ ਜਿਸ ਨਾਲ ਆਪਣਾ ਸੁਭਾ ਸੁੰਦਰਤਾ ਦੀ ਕਦਰ ਪਾਣ ਵਾਲਾ ਹੋ ਜਾਵੇ? ਐਉਂ ਹੋ