"ਜਿਸਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਸਾਹੀ ਪਾਤਸਾਹੁ ॥"
(ਜਪੁਜੀ ਸਾਹਿਬ-੨੫, ਪੰਨਾ ੫)
ਬੁੱਢਣ ਸ਼ਾਹ- ਗੁਰੂ ਬਾਬਾ, ਧੰਨ ਗੁਰੂ ਬਾਬਾ ਹੈ, ਆਪੇ ਇਹ ਰੰਗ ਬਖਸ਼ ਗਿਆ ਤੇ ਇਹ ਪ੍ਰੇਮ-ਰੰਗ ਆਪੇ ਪਏ ਅਸਰ ਕਰਦੇ ਰਹੇ। ਧੰਨ ਗੁਰੂ ਨਾਨਕ ਨਿਰੰਕਾਰੀ! ਸਾਹਿਬਜ਼ਾਦੇ ਜੀ! ਸੇਵਾ, ਨਿਸ਼ਕਾਮ ਸੇਵਾ ਨਾਲ ਕੀਰਤਨ ਨਾਲ ਮਨ ਤਯਾਰ ਹੋਇਆ, ਹਉਂ ਨਿਵਾਰੀ, ਕਦਰ ਆਈ, ਵਿਸਮਾਦ ਲਈ ਰਾਹ ਖੁਲ੍ਹਾ, ਵਿਸਮਾਦ ਦੇ ਅਸਰ ਪੈਣ ਲਗੇ, ਪਰ ਦੁੱਖ ਇਹ ਰਹਿ ਜਾਂਦਾ ਹੈ ਕਿ ਇਹ ਕਦੇ ਕਦੇ ਝਲਕੇ ਵੱਜਦੇ ਹਨ, ਪਏ ਬੇਨਤੀਆਂ ਕਰੀਦੀਆਂ ਹਨ-
"ਕਹਿ ਰਵਿਦਾਸ ਆਸ ਲਗਿ ਜੀਵਉ
ਚਿਰ ਭਇਓ ਦਰਸਨੁ ਦੇਖੈ ॥"
(ਧਨਾਸਰੀ ਭਗਤ ਰਵਿਦਾਸ ਜੀ-੧, ਪੰਨਾ ੬੯੪)
ਕੋਈ ਐਸੀ ਮੇਹਰ ਨਹੀਂ ਕਿ ਲਗਾਤਾਰ ਰੰਗ ਲਗੇ ?
ਸਾਹਿਬਜ਼ਾਦੇ ਜੀ- ਕਿਉਂ ਨਹੀਂ, ਗੁਰੂ ਬਾਬੇ ਨੇ ਜੋ ਆਪ ਨੂੰ ਕਿਹਾ ਸੀ:-
"ਬੈਠਹੁ ਮਨ ਸਤਿਨਾਮ ਪਰੋਇ॥”
(ਗੁ.ਪ੍ਰ.ਸੂ.ਰਾਸ ੭, ਅੰਸੂ ੯, ਪੰਨਾ ੩੦੯੧)
ਇਹ ਸਤਿਨਾਮੁ ਨਾਲ ਮਨ ਦਾ ਪ੍ਰੋਣਾ, ਨਾਮ ਜਪਣਾ, ਸਿਮਰਨ ਕਰਨਾ, ਯਾ ਪ੍ਰੀਤਮ ਦੀ ਯਾਦ ਵਿਚ ਵਸਣਾ, ਆਪਣੇ ਆਪ ਨੂੰ ਉਸਦੀ ਹਜ਼ੂਰੀ ਵਿਚ ਹਰਦਮ ਪ੍ਰਤੀਤ ਕਰਨਾ, ਇਹ ਹੈ ਸਿਮਰਨ ਕਰਨਾ। ਇਸਦਾ ਭਾਵ ਇਹ ਹੈ ਕਿ ਲਗਾਤਾਰ ਸੁੱਖ ਬੱਝੇ। ਸਿਮਰਨ ਨਾਲ ਉਹ ਭੁੱਲ ਜੋ ਸਾਡੇ ਤੇ ਸਾਡੇ ਸੁੰਦਰ (ਵਾਹਿਗੁਰੂ) ਦੇ ਵਿਚਕਾਰ ਹਾਇਲ ਹੈ, ਦੂਰ ਹੁੰਦੀ ਹੈ। ਜਦ ਲਗਾਤਾਰ ਯਾਦ ਰਹੀ, ਲਗਾਤਾਰ ਹਜ਼ੂਰੀ ਰਹੀ, ਲਗਾਤਾਰ ਅਸੀਂ ਸੁੰਦਰ ਪ੍ਰੀਤਮ ਦੇ ਨਾਲ ਰਹੇ, ਤਦ ਸਮਝੇ ਕਿ ਵਿੱਥ ਗਈ। ਜਦੋਂ ਆਪਾ ਨਿਵਰ ਜਾਵੇ, ਸਿਫਤ