ਦੇਖਤਿ ਬੰਦੇ ਪਦ ਅਰਬਿੰਦਾ।
'ਧੰਨ ਧੰਨ ਤੁਮ ਕੋ ਸੁਖ ਕੰਦਾ।
ਅੰਤ ਸਮੇਂ ਮੁਝ ਦਰਸ਼ਨ ਦੀਨ।
ਕਰ੍ਯੋ ਕ੍ਰਿਤਾਰਥ ਸੰਕਟ ਹੀਨ ॥੨॥
(ਗੁ: ਪ੍ਰ: ਸੂ: ਪ੍ਰ: ਰਾਸ ੮, ਅੰਸੂ ੩੪, ਪੰਨਾ ੩੪੪੦)
ਸਤਿਗੁਰੂ ਨੇ ਫੁਰਮਾਯਾ, "ਹੇ ਬੁੱਢਣ ਸ਼ਾਹ! ਜੇ ਹੋਰ ਚਿਰ ਜੀਵਨ ਨੂੰ ਲੋੜੇ ਤਾਂ ਦੱਸ!" ਫਕੀਰ ਨੇ ਕਿਹਾ, "ਹੇ ਸੁੰਦਰਾਂ ਦੇ ਸੁੰਦਰ। ਕਲੇਜੇ ਸਮਾ ਕੇ ਫੇਰ ਨਾ ਨਿਕਲਣ ਵਾਲੇ ਮੋਹਿਨਾ ਦੇ ਮੋਹਿਨ! ਅਪਨੀ ਰੱਜ਼ਾ ਵਿਚ ਰੱਖ ਤੇ ਅਪਨੇ ਬਖਸ਼ੇ ਵਿਸਮਾਦ ਵਿਚ ਵਿਸਮਾਦ ਕਰ ਦੇਹ, ਆਪਣੀ ਦਿਤੀ ਲਿਵ ਵਿਚ ਲਿਵਲੀਨ ਰੱਖ, ਉਮਰਾ ਬਹੁਤ ਬੀਤੀ ਹੈ, ਹੁਣ ਚਰਨ ਸ਼ਰਨ ਵਿਚ ਵਾਸਾ ਦੇਹ, ਸੰਸਾਰ ਸਾਰਾ ਤੱਕ ਲੀਤਾ ਹੈ, ਰਜ ਚੁਕਾ ਹਾਂ, ਪਰ ਤੇਰਾ ਰੂਪ ਤਕ ਤਕ ਕੇ ਰਜ ਨਹੀਂ ਆਈ, ਹੋਰ ਤੋਂ ਹੋਰ ਤੱਕਣੇ ਨੂੰ ਜੀ ਕਰਦਾ ਹੈ, ਰਜਦਾ ਹਾਂ ਫੇਰ ਜੀ ਕਰਦਾ ਹੈ, ਐਸੀ ਮੇਹਰ ਕਰ ਕਿ ਇਸ ਸੌਂਦਰ੍ਯਤਾ ਵਿਚ ਸਮਾਵਾਂ! ਮੈਂ ਸੁਣਿਆ ਹੈ ਕਿ ਚੋਜੀ ਮੇਰੇ ਖੜਗਾਂ ਵਾਲੇ ਗੁਰੂ ਨਾਨਕ ਨੇ ਦਸਵਾਂ ਜਾਮਾ ਧਾਰਨਾ ਹੈ, ਤੇ ਬਲਬੀਰ ਅਰ ਨਾਮ ਧੀਰ ਪੰਥ ਰਚਨਾ ਹੈ, ਤਦੋਂ ਸੱਦ ਲਈ, ਭਾਵੇਂ ਹੁਣ ਰੱਖ ਲਈਂ ਤੇ ਇਸ ਆਪਣੇ ਚਿਤ ਮੋਹ ਲੈਣ ਵਾਲੇ ਦਸਵੇਂ ਸਰੂਪ ਦਾ ਇਕ ਦਰਸ਼ਨ ਵਿਖਾ ਦੇਈਂ, ਤੇ ਹੁਣ ਸਰੀਰ ਜਰਜਰਾ ਹੈ, ਜਿਵੇਂ ਰਜ਼ਾ ਹੈ