––––––––––––––––
* ਲਿਖਦੇ ਤੇ ਆਖਦੇ ਹਨ ਕਿ ਇਸ ਵੇਲੇ ਫਕੀਰ ਸਮਾ ਗਿਆ ਅਰ ਸਤਿਗੁਰ ਨੇ ਹਥੀਂ ਸਸਕਾਰ ਕੀਤਾ ਤੇ ਸਮਾਧ ਬਨਾਈ। ਇਹ ਬੀ ਕਹਿੰਦੇ ਹਨ ਕਿ ਕਬਰ ਬਨਾਈ। ਪਰ ਦੂਸਰੀ ਰਵਾਯਤ ਇਹ ਹੈ ਕਿ ਜਦ ਸਤਿਗੁਰ ਨੇ ਕਿਹਾ ਕਿ ਹੋਰ ਜੀਣਾ ਹਈ, ਅਸਾਂ ਦਸ ਜਾਮੇਂ ਧਾਰਨੇ ਹਨ, ਤਾਂ ਫਕੀਰ ਦਾ ਜੀ ਉਸ ਦਾਤੇ ਦੇਕਲਗੀਆਂ ਵਾਲੇ ਦੇ ਦਰਸ਼ਨਾਂ ਲਈ ਰੀਝ ਆਯਾ, ਇਸ ਰੀਝ ਵਿਚ "ਤੇਰੀ ਰਜਾ, ਤੇਰੀ ਰਜ਼ਾ" ਕਹਿੰਦਾ ਮਸਤ ਹੋ ਗਿਆ। ਸਤਿਗੁਰ ਨੇ ਅਸੀਸ ਦਿਤੀ ਅਰ ਓਹ ਦਸਵੇਂ ਜਾਮੇ ਤਕ ਉਥੇ ਪ੍ਰੇਮ-ਰੰਗਾਂ ਦੀਆਂ ਸਮਾਧੀਆਂ ਵਿਚ ਰਿਹਾ ਤੇ ਦਸਵੇਂ ਜਾਮੇ ਦੇ ਦਰਸ਼ਨ ਪਾ ਕੇ ਗੁਰ ਸ਼ਰਨ ਸਮਾਯਾ। ਅਸਾਂ ਇਸ ਪਿਛਲੀ ਤੇ ਘਟ ਪ੍ਰਸਿੱਧ ਰਵਾਯਤ ਦੀ ਪੈਰਵੀ ਕੀਤੀ ਹੈ।
ਬੁੱਢਣ ਸ਼ਾਹ ਦੀ ਉਮਰ ਹਿਸਾਬ ਕੀਤੇ ਪੌਣੇ ਦੋ ਸੌ ਸਾਲ ਦੇ ਲਗ-ਭਗ ਪੁਜਦੀ ਹੈ, ਪਰ ਰਵਾਯਤਾਂ ਤੇ ਸੂਰਜ ਪ੍ਰਕਾਸ਼ ਵਾਲੇ ਸਜਨ ਜੀ ਉਨ੍ਹਾਂ ਦੀ ਉਮਰ ੫੦੦ ਬਰਸ ਦੀ ਲਿਖਦੇ ਹਨ, ਇਹ ਬੀ ਰਵਾਯਤ ਹੈ ਕਿ ਫਕੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲੋਂ ਪ੍ਰਾਣਾਯਾਮੀ, ਦੁਧਾ ਧਾਰੀ, ਹਠ ਯੋਗ ਦਾ ਪੱਕਾ ਅਭ੍ਯਾਸੀ ਸੀ।