ਹੱਥੀਂ ਦਿੱਤੀ ਮਰਵਾਇ, ਪਿੰਗਲਾਂ ਜੇਹੀਆਂ ਕਦੇ ਓ ਰਾਣੀਆਂ।
ਰਾਜਾ ਹੋਇਆ ਉਦਾਸ, ਖਲੜੀ ਲਈ ਕਾਲੇ ਓ ਮਿਰਗ ਦੀ।
ਮੜ੍ਹੀ ਰਾਣੀ ਦੇ ਪਾਸ, ਬੈਠ ਗਿਆ 'ਪਿੰਗਲਾਂ' ਆਗਦਾ।
ਗੁਜਰੇ ਬਾਰਾਂ ਹੈ ਮਾਸ, 'ਪਿੰਗਲਾਂ ਪਿੰਗਲਾਂ” ਓ ਕਰੇ।
੯. ਗੁਜਰੇ ਬਾਰਾਂ ਹੈਂ ਮਾਸ, ਟਿਲਿਓਂ ਗੁਰੂ ਆਪ ਜੀ ਟੁਰ ਪਿਆ।
ਆਇਆ ਨਗਰੀ ਦੇ ਪਾਸ ਗੋਰਖ ਗੁਰੂ ਨਾਥ ਹੈ ਆ ਗਿਆ।
ਦਿੱਤੀ ਅਲਖ ਜਗਾਇ, ਘਰ ਘੁਮਿਆਰਾਂ ਦੇ ਆ ਗਿਆ।
ਗੋਰਖ- ਸ਼ਿਵਜੀ ਭਰੇਗਾ ਭੰਡਾਰ, ਤੌੜੀ ਕਚੀ ਸਾਨੂੰ ਓਇ ਭੇਜਣੀ।
ਦੇਣੀ ਸਿਵਜੀ ਦੇ ਨਾਇ ਕੱਚੀ ਤੌੜੀ ਗੁਰਾਂ ਨੇ ਲੈ ਲਈਆਂ।
ਆਇਆ ਭਰਥਰੀ ਪਾਸ, ਓਹੋ ਤੋੜੀ ਗੁਰਾਂ ਨੇ ਭੰਨ ਦਿਤੀ।
ਤੋੜੀ ਸਿੱਟੀ ਆ ਭੰਨ, ਤੋੜੀ ਤੌੜੀ ਗੁਰੂ ਪੁਕਾਰਦੇ।
ਰੋਂਦੇ ਤੋੜੀ ਭੰਨਾਇ, ਵੈਣ ਸੁਰਾਂ ਪਾ ਲਏ ਕਹਿਰ ਦੇ।
ਰੋਵਣ ਸਾਂਗਾਂ ਲਗਾਇ, ਰਾਜਾ ਸੀ ਰੋਵੇ ਜਿਵੇਂ ਪਿੰਗਲਾਂ।
ਰਾਜਾ ਗੁੱਸਾ ਏ ਖਾਇ, ਫੜਕੇ ਫਹੌੜੀ ਗੁਰੂ ਨੂੰ ਜਾ ਪਿਆ।
ਰਾਜਾ— ਮੇਰੀਆਂ ਸਾਂਗਾਂ ਲਗਾਇ, ਤੇਰੀ ਭੱਜੀ ਕੱਚੀ ਓ ਤਾਉੜੀ!
ਮੇਰੀ ਮਰ ਜਾਇ ਨਾਰਿ, ਮਾਂਗਾਂ ਲਗਾਵੇਂ ਤੂੰ ਓਇ ਫੁਕਾਰਿਆ।
ਲੈ ਲੈ ਦੋਹ ਦੀਆਂ ਚਾਰ, ਜਿੰਨੀਆਂ ਕਹੇਂ ਲੈਦਿਆਂ ਤੋੜੀਆਂ।
ਗੋਰਖ- ਸੁਟੀਆ ਰਾਣੀ ਤੂੰ ਮਾਰ, ਬੋਲੇ ਗੁਰੂ ਭਰਥਰੀ ਕੀ ਕਹੇ :-
ਆਪੇ ਸੁੱਟੀ ਆ ਮਾਰ, ਪਿੰਗਲਾਂ ਜੇਹੀਆਂ ਕਿਥੋਂ ਓ ਰਾਣੀਆਂ?
––––––––––
੧. ਟਾਡ ਰਾਜਸਥਾਨ ਵਿਚ ਬੀ ਲਿਖਿਆ ਹੈ ਕਿ 'ਹਾਇ ਪਿੰਗਲਾ ਹਾਇ ਪਿੰਗਲਾ' ਰਾਜਾ ਕਰਦਾ ਰਹਿ ਗਿਆ।
੨. ਕਈ ਯੋਗੀ 'ਨਾਮੇ ਖੁਦਾਇ' ਗਾਉਂਦੇ ਹਨ, ਕਾਰਨ ਸ਼ਾਇਦ ਇਹ ਹੈ ਕਿ ਕਿਤੇ ਯੋਗੀ ਮੁਸਲਮਾਨ ਹੋ ਗਏ ਯਾ ਮੁਸਲਮਾਨ ਫਕੀਰਾਂ ਨੇ ਗੀਤ ਕੰਨ ਕਰ ਲਿਆ ਹੈ, ਗਾਉਣ ਵਿਚ ਇਨ੍ਹਾਂ ਦੇ ਮੂੰਹ ਚੜ੍ਹੇ ਮੁਸਲਮਾਨੀ ਮੁਹਾਵਰੇ ਰਲ ਗਏ ਹਨ।