ਰਾਜਾ- ਛਡਦੇ ਛਡਦੇ ਨੀ ਨਾਰ, ਛੋਡ ਪੱਲਾ ਸਾਧੂ ਨੀ ਜਾਣ ਏ ਨੀਂ ।
ਰਾਣੀ—ਮੈਨੂੰ ਲੈ ਚੱਲ ਨਾਲ, ਭਗਵੇ ਕਰਾਂ ਰਾਜਿਆਂ ਵੇ ਕਪੜੇ।
ਮੈਂ ਜੋਗਨ ਤੇਰੀ ਨਾਰ, ਸੱਥਰ ਧੂੰਆਂ ਮੈਂ ਵੇ ਕਰਾਂ!
ਆਸਣ ਯਾਂਗੀ ਵਿਛਾਇ, ਭਿਛਿਆ ਲਿਆਵਾਂ ਕਦੇ ਮੰਗਕੇ।
ਮੈਨੂੰ ਰਖੀਂ ਵੇ ਪਾਸ, ਕੱਲੀ ਛੱਡੀਂ ਰਾਜਿਆ ਨਾਂ ਜਈਂ। ਈਂ
ਰਾਜਾ— ਸੁਣ ਲੈ ਰਾਣੀਏਂ ਬਾਤ, ਅੱਗ ਲਗੇ ਤੇਰੇ ਏ ਮਹਿਲ ਨੂੰ ?
ਬਾਗੀਂ ਲੱਗੇ ਬਲਾਇ, ਛੋਡ ਪੱਲਾ ਸਾਧੂ ਨੀ ਜਾਣਦੇ। ਨੀਂ।
ਇਹ ਤਾਂ ਬਣਨੀ ਨ ਬਾਤ, ਜੋਗੀ ਤੇ ਤੀਵੀ ਕਦੇ ਨਾ ਰਲੇ।
ਸਾਡੀ ਟੁਟੀ ਏ ਬਾਤ, ਹਮਾਰੇ ਸੰਗ ਰਾਣੀ ਕਿਉਂ ਚਲੇ?
ਸਾਡੀ ਧਰਮੇ ਦੀ ਮਾਤ, ਮਾਲੋ ਮੁਲਕ ਤੈਨੂੰ ਹਾਂ ਦੇ ਚਲੇ।
ਸਾਡੀ ਲਗੇ ਹੈਂ ਮਾਤ, ਛੋੜ ਪੱਲਾ ਸਾਧੂ ਨੀ ਜਾਣਏ। ਨੀਂ
ਰਾਣੀ– ਸੁਣ ਰਾਜਾ ਮੇਰੀ ਬਾਤ, ਜੇ ਸੀ ਮਨਸ਼ਾ ਤੇਰੀ ਵੇ ਜੋਗ ਦੀ।
ਕਾਹਨੂੰ ਗਾਯੋਂ ਵਿਆਹ, ਰਹਿੰਦੀ ਘਰੇ ਮਾਪਿਆਂ ਖੇਡਦੀ।
ਰਹਿੰਦਾ ਧਰਮ ਓ ਅਮਾਨ, ਕੰਨਿਆਂ ਰਹਿੰਦੀ ਘਰੀਂ ਵੇ ਮਾਪਿਆ।
ਮੋਤੀਆਂ ਕਰਦੀ ਬਹਾਰ, ਸੋਨਾ ਰੁਪਾ ਓਥੇ ਵੀ ਪਹਿਨਦੀ।
ਦੌਲਤ ਦੇਵਾਂ ਲੁਟਾਇ, ਭਾਹ ਵੇ ਲਾਵਾਂ ਤੇਰੇ ਮੈਂ ਰਾਜ ਨੂੰ ।
ਸੁਣ ਰਾਜਾ ਮੇਰੀ ਬਾਤ, ਇਕ ਵੀ ਬਾਲਕ ਜੇ ਘਰੇ ਹੋਵਦਾ।
ਰਹਿੰਦਾ ਜੱਗ ਵਿਚ ਨਾਮ, ਓਸੇ ਖਾਲਕ ਰਾਜਿਆ ਪਾਲਦੀ।
ਰਹਿੰਦੀ ਓਸੇ ਦੀ ਛਾਉਂ, ਓਸੇ ਦੇ ਪਰਚੇ ਪਈ ਪਰਚਦੀ।
ਕੋਈ ਕਹਿੰਦਾ ਆ ਮਾਉਂ, ਮੈਂ ਵੇ ਬਲਾਵਾਂ ਪਈਂ ਲੇਂਵਦੀ।
ਬਹਿ ਨ ਪੁੱਛੀਏ ਬਾਤ, ਅਗੇ ਓਹ ਚਰਖਾ ਨਹੀਂ ਰੰਗਲਾ।
ਪਿਛੇ ਪੀੜ੍ਹਾ ਨ ਡਾਹ, ਬੈਠੀ ਨਾ ਕੀਤੀਆਂ ਰੱਜ ਗੱਲਾਂ।
ਸੁਣ ਰਾਜਾ ਮੇਰੀ ਬਾਤ, ਧਰਮੋਂ ਫਿਰੇ ਸਾਧੂ ਕਿਉਂ ਹੋ ਚਲੇ?
––––––––––––
* ਨੀਂ, ਈਂ ਲੰਮੀ ਹੇਕ ਕਰਕੇ ਵਾਧੂ ਗਾਉਂਦੇ ਹਨ।