ਖ. ਰਾਜਿਸਥਾਨ ਵਿੱਚ ਭਰਥਰੀ
ਰਾਜਿਸਥਾਨ (ਰਾਜਪੂਤਾਨੇ) ਵਿਚ ਬਸੰਤ ਰੁਤ ਵਿਚ ਬਜ਼ਾਰਾਂ ਵਿਚ ਰਾਸਾਂ ਪਾਉਣ ਵਾਲੇ ਭਰਥਰੀ ਦਾ ਨਾਟ ਕਰਦੇ ਹਨ, ਓਹ ਦੱਸਦੇ ਹਨ ਕਿ ਭਰਥਰੀ ਵਿੱਕ੍ਰਮ ਦਾ ਭਰਾ ਤੇ ਪਿੰਗਲਾਂ ਦਾ ਪਿਆਰਾ ਸੀ। ਮਿਰਗ ਦਾ ਸ਼ਿਕਾਰ ਕਰਦਾ ਹੈ, ਓਥੋਂ ਹਰਨੀ ਕੋਲੋਂ ਉਸਨੂੰ ਸ੍ਰਾਪ ਮਿਲਦਾ ਹੈ ਕਿ ਤੂੰ ਜੀਉਂਦਿਆਂ ਰੰਡੀ ਛੱਡੇਂਗਾ। ਅੱਗੇ ਰਸਤੇ ਵਿਚ ਉਸਨੂੰ ਗੋਰਖ ਮਿਲਦਾ ਹੈ ਤੇ ਉਪਦੇਸ਼ ਦੇ ਕੇ ਜੋਗੀ ਬਣਾ ਲੈਂਦਾ ਹੈ ਤੇ ਓਹ ਰੋਂਦੀ ਪਿੰਗਲਾਂ ਛੱਡਕੇ ਟੁਰ ਜਾਂਦਾ ਹੈ।
'ਟਾਡ' ਸਾਹਿਬ ਆਪਣੀ ਕਿਤਾਬ ਰਾਜਸਥਾਨ ਵਿਚ ਲਿਖਦੇ ਹਨ ਕਿ ਭਰਥਰੀ ਆਪਣੀ ਇਸਤ੍ਰੀ ਦਾ ਇੰਨਾ ਪਿਆਰਾ ਸੀ ਕਿ ਰਾਜ ਦਾ ਕੰਮ ਨਹੀਂ ਕਰਦਾ ਸੀ, ਇਸਦੇ ਛੋਟੇ ਭਰਾ ਵਿੱਕ੍ਰਮ ਨੇ ਸਮਝਾਇਆ। ਰਾਣੀ ਨੂੰ ਪਤਾ ਲਗ ਗਿਆ ਤਾਂ ਉਸਨੇ ਵਿਕ੍ਰਮ ਨੂੰ ਦੇਸ਼ ਨਿਕਾਲਾ ਦਿਵਾ ਦੇਣ ਲਈ ਪ੍ਰੇਰਿਆ। ਇਸ ਤੋਂ ਮਗਰੋਂ ਫੇਰ ਟਾਡ ਸਾਹਿਬ ਫਲ ਵਾਲੀ ਕਥਾ ਦੇਂਦੇ ਹਨ। ਪਾਜ ਉਘੜਨ ਤੇ ਓਹ ਰਾਣੀ ਮਹਿਲੋਂ ਡਿਗ ਕੇ ਮਰ ਗਈ, ਫੇਰ ਭਰਥਰੀ ਨੇ ਪਿੰਗਲਾਂ ਵਿਆਹੀ, ਇਸ ਨਾਲ ਵੀ ਓਡਾ ਹੀ ਪਿਆਰ ਹੋ ਗਿਆ, ਪਰ ਹੁਣ ਰਾਜੇ ਦੇ ਮਨ ਸ਼ੱਕ ਰਹਿੰਦਾ ਸੀ। ਸੋ ਇਕ ਦਿਨ ਸ਼ਿਕਾਰ ਗਏ ਨੇ ਡਿੱਠਾ ਕਿ ਉਸਨੇ ਇਕ ਹਰਨ ਮਾਰਿਆ ਤੇ ਹਰਨੀ ਹਾਹੁਕੇ ਨਾਲ ਹੀ ਮਰ ਗਈ ਤੇ ਫੇਰ ਰਾਜੇ ਦਾ ਇਕ ਸ਼ਿਕਾਰੀ ਮਰ ਗਿਆ ਤੇ ਉਸਦੀ ਵਹੁਟੀ ਨਾਲ ਹੀ ਸਤੀ ਹੋ ਗਈ। ਇਹ ਕਥਾ ਰਾਜੇ ਨੇ ਪਿੰਗਲਾਂ ਨਾਲ ਕੀਤੀ। ਅੱਗੇ ਫੇਰ ਉਹੋ ਕਥਾ ਹੈ ਜੋ ਪਿੱਛੇ ਗੀਤ ਵਿਚ ਦਿੱਤੀ ਹੈ। ਫਰਕ ਏਨਾਂ ਹੈ ਕਿ ਰਾਣੀ ਮਰ ਗਈ ਤਾਂ ਰਾਜਾ ‘ਹਾਇ ਪਿੰਗਲਾਂ, ਹਾਇ ਪਿੰਗਲਾਂ' ਕਰਦਾ ਬਨਾਂ ਨੂੰ ਚਲਾ ਗਿਆ, ਰਾਜ ਵਿੱਕ੍ਰਮ ਨੂੰ ਦੇ ਗਿਆ ਤੇ ਆਪ ਅਤ ਨੂੰ ਸੇਹਵਾਨ (ਹੈਦਰਾਬਾਦ ਸਿੰਧ ਦੇ ਇਲਾਕੇ) ਜਾ ਰਿਹਾ। ਇਥੇ ਭਰਥਰੀ ਮਹਿਲ ਤੇ ਭਰਥਰੀ ਮੰਦਰ ਦੇ ਨਿਸ਼ਾਨ ਦੱਸੇ ਜਾਂਦੇ ਹਨ। ਇਸੇ ਸ਼ਹਿਰ ਦਰਯਾ ਤੇ ਕਿਲੇ ਵਿਚਕਾਰ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ‘ਨਾਨਕ ਵਾੜਾ' ਬੀ ਮੌਜੂਦ ਹੈ।