

੩੧. ਟੁੱਕਰ ਪਾਣ ਹਾਰੇ ਅੱਗੇ ਦੇਖਿਆ ਜੇ?
ਕੁੱਤਾ ਦੀਨ ਹੋ ਪੂਛ ਹਿਲਾਂਵਦਾ ਹੈ;
ਪੈਰੀਂ ਸੀਸ ਧਰਦਾ, ਮੂੰਹ ਅੱਡ ਦਸਦਾ,
ਲੋਟ ਪੋਟ ਹੈ ਪੇਟ ਦਿਖਾਂਵਦਾ ਹੈ,
ਐਪਰ ਤੱਕ ਖਾਂ ਹਾਥੀ ਨੂੰ ਖਾਣ ਵੇਲੇ,
ਇਕ ਨਜ਼ਰ ਗੰਭੀਰ ਤਕਾਂਵਦਾ ਹੈ,
ਕਈ ਮਿੰਨਤਾਂ ਹੋਣ ਤਾਂ ਛਕੇ ਭੋਜਨ;
ਨੀਚ ਊਚ ਦਾ ਫਰਕ ਦਿਸ ਆਂਵਦਾ ਹੈ॥
੩੨. ਮਰ ਕੇ ਕੌਣ ਨ ਜੰਮਿਆ,
ਘੁੰਮਦੇ ਇਸ ਸੰਸਾਰ?
ਕੁਲ ਨੂੰ ਉੱਨਤ ਜੋ ਕਰੇ,
ਜੰਮਣ ਉਸਦਾ ਸਾਰ।
੩੩. ਫੁੱਲਾਂ ਵਾਂਙੂ ਭਲੇ ਜਨ
ਦੁਹੁੰ ਥਾਂ ਰੰਗ ਜਮਾਂਨ।
ਜਾਂ ਸਭ ਦੇ ਸਿਰ ਸੋਭਦੇ,
ਜਾਂ ਸੁੱਕ ਬਨਾਂ ਵਿਚ ਜਾਨ।
੩੪. ਬ੍ਰਿਹਸਪਤ ਆਦਿ ਗ੍ਰਹਿ ਕਈ ਅਕਾਸ਼ ਅੰਦਰ,
ਰਾਹੂ ਪ੍ਰਾਕ੍ਰਮੀ ਉਨ੍ਹਾਂ ਨ ਛੇੜਦਾ ਹੈ।
ਸੂਰਜ ਚੰਦ ਜੇ ਰਾਜੇ ਦਿਨ ਰਾਤ ਦੇ ਹਨ,
ਮੱਸਿਆ ਪੁੰਨਿਆਂ ਉਨ੍ਹਾਂ ਵਲੋਂ ਹੇਰਦਾ ਹੈ।