

੫੧. ਸਾਵਧਾਨ ਹੋ ਕੇ ਯਾਰ ਚਾਤ੍ਰਿਕ ਓ!
ਪਲ ਭਰ ਸਾਡੀ ਭੀ ਗੱਲ ਇਕ ਸੁਣੀਂ ਜਾਈਂ।
ਕਈ ਤਰ੍ਹਾਂ ਦੇ ਬੱਦਲ ਆਕਾਸ਼ ਫਿਰਦੇ,
ਸਾਰੇ ਨਹੀਂ ਪਰ ਇੱਕ ਸਮਾਨ ਭਾਈ।
ਕਈ ਵੱਸਦੇ ਪਰਤੀ ਨੂੰ ਭਾਗ ਲਾਂਦੇ,
ਕਈ ਜਾਣ, ਬਿਰਥੀ ਰੱਜ ਗੜ੍ਹਕ ਪਾਈ।
ਤਾਂਤੇ ਚਾਤ੍ਰਿਕਾ! ਦੇਖੀਂ। ਜਿਸ ਕਿਸੇ ਅੱਗੇ,
ਮਿੰਨਤਾਂ ਕਰੇਂ ਤੇ ਹੌਲਿਆਂ ਪਵੇਂ ਭਾਈ!
ਦੁਰਜਨ ਨਿੰਦਾ
੫੨. ਕਿਰਪਾ ਕਰੇ ਨਾਂ, ਤਾਲੇ ਪਿਆ ਲੜੇ ਐਵੇਂ,
ਪ੍ਰਾਯਾ ਮਾਲ ਮੁੱਛੇ, ਖੋਹੇ ਨਾਰਿ ਪ੍ਰਾਈ।
ਗੱਲ ਸਹੇ ਨਾ ਸੱਜਣਾਂ ਮਿੱਤਰਾਂ ਦੀ,
ਖਿਮਾਂ ਨਾਲ ਕੁਟੰਬ ਨਾ ਕਰੋ ਰਾਈ।
ਐਸੇ ਆਦਮੀ ਨੂੰ ਦੁਸਟ ਜਾਣਨਾ ਜੇ,
ਪੱਕੇ ਦੁਰਜਨ ਦੇ ਏ ਨਿਸ਼ਾਨ ਭਾਈ।
ਸੰਗ ਭੁੱਲ ਕੇ ਕਰੋ ਨਾ ਦੁਰਜਨਾਂ ਦਾ,
ਜੇੜ੍ਹਾ ਕਰੇ ਸੋ ਖਤਾ ਹੀ ਖਾਂਵਦਾ ਈ॥
––––––––––––
* ਇਹ ਸਤਰ ਮੂਲ ਦੀ ਨਹੀਂ।