ਤੇ ਮੈਂ ਉੱਥੇ ਈ ਸੋਚਦਾ ਰਹਿੰਦਾ।
"ਇਹ ਲੁੱਟਾਂ ਮਾਰਾਂ ਕਿਉਂ ਹੁੰਦੀਆਂ ਨੇ? ਕਾਫ਼ਰ ਕੀ ਹੁੰਦੇ ਨੇ ? ਕਿਉਂ ਮਾਰੀਦਾ ਏ ? ਮੈਂ ਸੋਚਦਾ ਰਹਿੰਦਾ। ਮੇਰੇ ਨਿੱਕੇ ਜਿਹੇ ਦਿਮਾਗ ਵਿੱਚ ਸਹੀ ਗੱਲ ਨਾ ਆਂਵਦੀ । ਬਥੇਰੇ ਟੇਵੇ ਲਾਂਵਦਾ। ਇਹ ਵਜ੍ਹਾ ਹੋਸੀ, ਫਲਾਂ ਕਾਰਨ ਹੋਸੀ। ਪਰ ਨਾ ਜੀ। ਸਮਝ ਕਿੱਥੋਂ। ਤਾਏ ਦਾ ਆਖਣਾ ਸੀ ਕਿ ਬੱਸ ਹੁੰਦੇ ਨੇ । ਏਨੀ ਗੱਲ ਨਾਲ ਮੇਰੀ ਤਸੱਲੀ ਨਹੀਂ ਸੀ ਹੋਇਆ ਕਰਦੀ। ਮੈਂ ਕਈ-ਕਈ ਦਿਨ ਏਸੇ ਸੋਚ ਵਿੱਚ ਈ ਰਹਿੰਦਾ ਸਾਂ।
ਮੈਂ ਮੁੜ ਪੁੱਛਦਾ: "ਤਾਇਆ, ਕਾਫ਼ਰ ਹੁਣ ਕਿੱਥੇ ਹੁੰਦੇ ਨੇ ?" ਤਾਇਆ ਕੋਈ ਹੋਰ ਕਹਾਣੀ ਸੁਣਾ ਰਿਹਾ ਹੁੰਦਾ ਸੀ । ਦੂਜੇ ਬਾਲ ਬੜੇ ਸ਼ੌਕ ਨਾਲ ਸੁਣ ਰਹੇ ਹੁੰਦੇ ਸਨ। ਮੇਰੇ ਸਵਾਲ 'ਤੇ ਏਤਰਾਜ਼ ਕਰਦੇ। ਮੇਰੀ ਸ਼ਿਕਾਇਤ ਕਰਦੇ। ਆਖਦੇ "ਅਰਾਮ ਨਾਲ ਕਹਾਣੀ ਨਾ ਆਪ ਸੁਣਦਾ ਏ, ਨਾ ਅਸਾਨੂੰ ਸੁਣਨ ਦਿੰਦਾ ਏ। ਕਿੰਨਾ ਸਵਾਦ ਆ ਰਿਹਾ ਸੀ । ਇਹਨੇ ਵਿੱਚ ਬੋਲ ਕੇ ਸਾਰਾ ਸਵਾਦ ਈ ਗੁਆ ਦਿੱਤਾ ਏ। ਐਵੇਂ ਟੋਕੀ ਜਾਂਦਾ ਏ। ਸੜੀਅਲ ਜਿਹਾ ਨਾ ਹੋਵੇ ਤਾਂ।" ਦੂਜੇ ਬਾਲ ਮੈਨੂੰ ਬੁਰਾ ਆਖਦੇ।
ਮੇਰਾ ਸਵਾਲ, ਦੂਜੇ ਬਾਲਾਂ ਦਾ ਏਤਰਾਜ਼ ਤੇ ਸ਼ਿਕਾਇਤ ਸੁਣਕੇ ਤਾਇਆ ਆਖਦਾ :"ਓਏ ਗੋਗੀ ਤੂੰ ਨੁਕਰਾਚੀਨੀ (ਨੁਕਤਾਚੀਨੀ) ਬੜੀ ਕਰਨਾ ਏਂ, ਤੈਨੂੰ ਆਖਿਆ ਜੇ ਕਾਫ਼ਰ ਬਾਡਰਾਂ ਪਾਰ ਹੁੰਦੇ ਨੇ ਜਿਵੇਂ ਮੱਕੇ ਤੋਂ ਪਰ੍ਹਾਂ ਬੱਦੂ ਹੁੰਦੇ ਨੇ ।"
ਲੈ ਮੇਰੇ ਲਈ ਹੋਰ ਉਲਝਣ । ਬਾਡਰ ਕੀ ਏ ? ਮੱਕਾ ਤੇ ਬੱਦੂ ਕੀ ਏ ? ਪੁੱਛਾਂ ਤਾਂ ਝਾੜ ਪੈਂਦੀ ਏ। ਚੁੱਪ ਰਵਾਂ ਤੇ ਦਿਮਾਗ ਤਪਦਾ ਏ। ਸੋਚਾਂ ਉਲਝ-ਉਲਝ ਜਾਂਦੀਆਂ ਨੇ। ਕਈ ਕਈ ਰਾਤਾਂ ਨੀਂਦਰ ਨਹੀਂ ਆਂਵਦੀ। ਕਈ ਕਈ ਦਿਨ ਚਿੰਤਾ ਲੱਗੀ ਰਹਿੰਦੀ। ਆਖਰ ਡਰਦਿਆਂ ਡਰਦਿਆਂ ਪੁੱਛਿਆ, "ਤਾਇਆ, ਇਹ ਬਾਡਰ ਕੀ ਹੁੰਦਾ ਏ ? ਬੱਦੂ ਤੇ ਮੱਕਾ ਕੌਣ ਹੁੰਦੇ ਨੇ ?" ਸਵਾਲ ਤੇ ਮੈਂ ਕਰ ਬੈਠਾ, ਤਾਏ ਨੂੰ ਗੁੱਸਾ ਚੜ੍ਹ ਗਿਆ।
"ਉਏ ਕਿਸੇ ਕਾਂ ਦਿਆ ਪੁੱਤਰਾ, ਜਾ। ਓਏ ਗੋਗੀ ਦਫਾ ਹੋ ਜਾ। ਤੂੰ ਕਿੱਥੋਂ ਸ਼ੱਕੀ ਜੰਮ ਪਿਆ ਏਂ। ਹਰ ਗੱਲ ਵਿੱਚ ਸ਼ੱਕ । ਅਸਾਡੇ ਕਬੀਲੇ ਵਿੱਚ ਤਾਂ ਐਸਾ ਕੋਈ ਨਹੀਂ ਸੀ। ਤੈਨੂੰ ਇੱਕ ਵਾਰ ਜੁ ਆਖਿਆ ਏ ਕਿ ਬੱਸ ਹੁੰਦਾ ਏ।”
"ਤੂੰ ਹਰ ਗੱਲ ਵਿੱਚੋਂ ਨੱਨੂੰ ਭਾਲਣਾ ਏ।" ਤਾਏ ਦੇ ਗੁੱਸੇ ਕਾਰਨ ਉਸ ਵੇਲੇ ਦੂਜੇ ਬਾਲਾਂ ਨੂੰ ਮੇਰੇ 'ਤੇ ਤਰਸ ਆ ਜਾਇਆ ਕਰਦਾ ਸੀ।
ਪਹਿਲਾਂ ਤਾਂ ਮੈਨੂੰ ਝਾੜ ਪੈਣ 'ਤੇ ਹੱਸਦੇ ਤੇ ਫੇਰ… ਤਾਏ ਦੇ ਹੱਥ ਕੋਲੋਂ ਮੈਨੂੰ ਦੂਰ ਹੋਵਣ ਵਿੱਚ ਮਦਦ ਵੀ ਕਰਦੇ। ਮੈਨੂੰ ਆਪਣੇ ਪਿੱਛੇ ਪਿੱਛੇ ਕਰ ਲੈਂਦੇ। ਤਾਇਆ ਤਾਈ ਨੂੰ ਅਵਾਜ਼ ਦਿੰਦਾ, "ਓਏ ਸੁੱਕੜੇ ।" ਤਾਈ ਉੱਚੀ ਲੰਮੀ ਤੇ ਪਤਲੀ ਜਿਹੀ ਗੋਰੇ ਰੰਗ ਦੀ ਸੀ। ਤਾਇਆ ਮਧਰਾ ਤੇ ਭਾਰੇ ਜੁੱਸੇ ਦਾ ਸੀ।
ਉਹ ਤਾਈ ਨੂੰ "ਸੁੱਕੜੇ” ਈ ਆਖਿਆ ਕਰਦਾ ਸੀ। ਮੇਰੇ ਸਵਾਲਾਂ ਤੋਂ ਤਾਇਆ ਜਦ ਅੱਕ ਜਾਂਦਾ, ਗੁੱਸੇ ਹੁੰਦਾ ਤਾਂ ਇੰਜ ਈ ਅਵਾਜ਼ ਮਾਰ ਕੇ ਆਖਦਾ, "ਓਏ ਸੁੱਕੜੇ ਲੈ ਜਾ ਮੇਰੇ ਕੋਲੋਂ ਗੋਗੀ ਨੂੰ। ਕਿਧਰੇ ਫੰਡ ਖਾਂਦਾ ਈ। ਹਰ ਗੱਲ ਵਿੱਚ ਟੋਕੀ ਜਾਂਦਾ ਏ ।"