

"ਕਿੱਥੇ ?" ਮੈਂ ਆਖਿਆ। “ਸ਼ਾਮ ਹੋਵਣ ਵਾਲੀ ਏ, ਮੈਂ ਪਿੰਡ ਵੀ ਜਾਣਾ ਏ।"
ਸਾਈਂ ਆਖਿਆ, "ਅਜੇ ਕਾਫ਼ੀ ਦਿਨ ਏ। ਉੱਥੋਂ ਹੋ ਕੇ ਚਲਾ ਜਾਵੀਂ। ਅਦੀਬਾਂ ਸ਼ਾਇਰਾਂ ਦਾ ਇਕੱਠ ਹੁੰਦਾ ਏ, ਸੁਣਿਆ ਕਰ।"
ਮੈਂ ਸਾਈਂ ਦੇ ਨਾਲ ਟੁਰ ਪਿਆ ।
ਅਦੀਬਾਂ ਸ਼ਾਇਰਾਂ ਦਾ ਹਫ਼ਤਾਵਾਰ ਇਕੱਠ ਮੇਰੇ ਲਈ ਬਹੁਤ ਦਿਲਚਸਪ ਤੇ ਨਵੇਕਲਾ ਤਜਰਬਾ ਸੀ। ਨਵੀਂ ਸ਼ਾਇਰੀ ਤੇ ਨਵੀਆਂ ਨਵੀਆਂ ਕਹਾਣੀਆਂ ਸੁਣਕੇ ਮੇਰੇ ਅੰਦਰ ਵੀ ਕੋਈ ਤਰੰਗ ਜੇਹੀ ਉੱਠਣ ਲੱਗ ਪਈ ਸੀ । ਹੁਣ ਤੀਕਰ ਤੇ ਮੈਂ ਆਪਣੇ ਪੁਰਾਣੇ ਸ਼ਾਇਰਾਂ ਨੂੰ ਈ ਪੜ੍ਹਿਆ ਤੇ ਸੁਣਿਆ ਹੋਇਆ ਸੀ। ਉੱਥੇ ਪੜ੍ਹੀ ਜਾਵਣ ਵਾਲੀ ਲਿਖਤ ਉੱਤੇ ਬੜੀ ਖੁੱਲ੍ਹ ਕੇ ਗੱਲ ਹੁੰਦੀ। ਇੱਕ ਇੱਕ ਲਫ਼ਜ਼ ਉੱਤੇ ਬੜੀ ਬਹਿਸ ਹੋਇਆ ਕਰਦੀ ਸੀ। ਅਦਬ, ਸਿਆਸਤ, ਤਾਰੀਖ਼ ਦੇ ਨਾਲ ਨਾਲ ਸਮਾਜੀ ਸਾਇੰਸ ਤੇ ਮਾਰੂਜ਼ੀ ਹਾਲਾਤ ਬਾਰੇ ਵੀ ਮੈਨੂੰ ਹੋਰ ਸਮਝ ਆਵਣ ਲੱਗ ਪਈ। ਸਾਈਂ ਅਖ਼ਤਰ ਵੀ ਇਹਨਾਂ ਬਹਿਸਾਂ ਵਿੱਚ ਹਿੱਸਾ ਲੈਂਦਾ। ਤਾਂ ਹੱਥਾਂ ਦੇ ਇਸ਼ਾਰਿਆਂ ਨਾਲ ਜਿਆਦਾ ਗੱਲਾਂ ਕਰਦਾ ਤੇ ਮੂੰਹ ਨਾਲ ਘੱਟ।
ਮੈਂ ਚੁੱਪ ਕਰਕੇ ਸੁਣਦਾ ਰਹਿੰਦਾ। ਕਦੇ ਕਦੇ ਸਾਈਂ ਆਖਦਾ, "ਤੂੰ ਕੁੱਝ ਗੱਲ ਕਰਿਆ ਕਰ, ਇੰਜ ਬੰਦੇ ਦਾ ਝਾਕਾ ਲਹਿੰਦਾ ਏ।"
"ਮੈਂ ਕੀ ਗੱਲ ਕਰਾਂ। ਮੈਨੂੰ ਤਾਂ ਡਰ ਲਗਦਾ ਏ ਕਿ ਮੂੰਹੋਂ ਕੋਈ ਗ਼ਲਤ ਗੱਲ ਨਾ ਨਿੱਕਲ ਜਾਵੇ। "ਪਰ ਸਾਈਂ ਤਸੱਲੀ ਦਿੰਦਿਆਂ ਆਖਦਾ, "ਕੁੱਝ ਨਹੀਂ ਹੁੰਦਾ, ਤੂੰ ਬੋਲਿਆ ਕਰ।" ਉਸ ਵੇਲ਼ੇ ਏਸ ਇਕੱਠ ਵਿੱਚ ਔਰਤਾਂ ਵੀ ਆਇਆ ਕਰਦੀਆਂ ਸਨ। ਔਰਤਾਂ ਕੋਈ ਨਜ਼ਮ, ਕਹਾਣੀ ਯਾ ਕੋਈ ਹੋਰ ਲਿਖਤ ਪੜ੍ਹਦੀਆਂ, ਬਹਿਸ ਵਿੱਚ ਹਿੱਸਾ ਲੈਂਦੀਆਂ ਬਹੁਤ ਪਿਆਰੀਆਂ ਲੱਗਦੀਆਂ ਸਨ। ਮੈਨੂੰ ਜ਼ੋਹਰਾ ਯਾਦ ਆ ਜਾਂਦੀ। ਮੈਨੂੰ ਜ਼ੋਹਰਾ ਨਹੀਂ ਸੀ ਭੁੱਲ ਰਹੀ। ਸਗੋਂ ਜਿਆਦਾ ਚੇਤੇ ਵਿੱਚ ਰਹਿਣ ਲੱਗ ਪਈ ਸੀ।
ਇਹਨਾਂ ਇਕੱਠਾਂ ਵਿੱਚ ਮੈਨੂੰ ਵਾਰਸ਼ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਖੁਆਜਾ ਫ਼ਰੀਦ ਤੇ ਦੂਜੇ ਪੰਜਾਬੀ ਦੇ ਹੋਰ ਸਿਆਣਿਆਂ ਤੇ ਦਾਨਿਆਂ ਦੀ ਅਜ਼ਮਤ ਬਾਰੇ ਪਤਾ ਲੱਗਾ। ਏਥੋਂ ਦੀ ਲਗਨ ਨਾਲ ਈ ਮੈਂ ਕਿਤਾਬਾਂ ਪੜ੍ਹਨ ਲੱਗ ਪਿਆ ਸਾਂ। ਉਸਤਾਦ ਜੀ ਦੀ ਦਿੱਤੀ ਹੋਈ ਕਿਤਾਬ 'ਮੈਂ ਅਦੀਬ ਕੈਸੇ ਬਨਾ' ਬੜੇ ਸਵਾਦ ਨਾਲ ਪੜ੍ਹੀ। ਸਾਈਂ ਅਖ਼ਤਰ ਮੈਨੂੰ ਇੱਕ ਕਿਤਾਬ "ਮਾਂ" ਨਾਵਲ ਪੜ੍ਹਨ ਲਈ ਦਿੱਤਾ। ਫੇਰ ਤਾਂ ਮੈਨੂੰ ਐਸਾ ਚਸਕਾ ਲੱਗਾ ਕਿ ਫਾਕੇ ਕੱਟ ਲੈਂਦਾ ਸਾਂ ਪਰ ਕੋਈ ਨਾ ਕੋਈ ਕਿਤਾਬ ਜ਼ਰੂਰ ਖਰੀਦ ਕੇ ਪੜ੍ਹਦਾ ਸਾਂ ।
ਹਰ ਇਜਲਾਸ ਵਿੱਚ ਵੇਲ਼ੇ ਤੋਂ ਪਹਿਲਾਂ ਆ ਜਾਂਦਾ ਸਾਂ। ਵਕਤ ਗੁਜ਼ਾਰਨ ਲਈ ਅਨਾਰਕਲੀ ਦੀ ਸੈਲ ਕਰਦਾ, ਮਾਲ ਰੋਡ ਉੱਤੇ ਆਵੰਦਿਆਂ ਜਾਂਦਿਆਂ ਕਾਰਾਂ ਤੇ ਕਾਰਾਂ ਵਾਲਿਆਂ ਨੂੰ ਵੇਖਦਾ ਰਹਿੰਦਾ। ਇਕੱਠ ਦੇ ਮੁੱਕਣ ਤੀਕਰ ਬੈਠਾ ਸੁਣਦਾ ਰਹਿੰਦਾ। ਬੜੇ ਲੋਕ ਆਂਵਦੇ ਸਨ ਜਿਹਨਾਂ ਦੇ ਨਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਪੜ੍ਹਿਆ ਕਰਦਾ, ਉਹਨਾਂ ਨੂੰ ਸਾਹਮਣੇ ਬੋਲਦਿਆਂ ਵੇਖ ਕੇ ਮੈਨੂੰ ਖੁਸ਼ੀ ਹੋਇਆ ਕਰਦੀ ਸੀ। ਫਿਲਮਾਂ ਵੇਖਣ ਦਾ ਵੀ ਚਸਕਾ ਪੈ ਗਿਆ ਸੀ।