

ਪੁਲ ਤੋਂ ਟਰੈਫਿਕ ਪੂਰੀ ਰਫ਼ਤਾਰ ਨਾਲ ਆ ਜਾ ਰਹੀ ਸੀ । ਸ਼ੌਕੀਨ ਜੋੜੇ ਦਰਿਆ ਵਿੱਚ ਬੇੜੀਆਂ ਉੱਤੇ ਬੈਠੇ ਹੱਸਦੇ ਪਏ ਸਨ, ਪਰ ਅਸਾਂ ਤੇ ਉਦਾਸ ਬੈਠੇ ਉਦਾਸੀਆਂ ਦੀ ਗਿਣਤੀ ਪਏ ਕਰਦੇ ਸਾਂ । ਦਰਿਆ ਕੰਢੇ ਮਾਵਾਂ ਨਾਲ ਬਾਲ ਵੀ ਸੈਰ ਲਈ ਆਏ ਹੋਏ ਸਨ। ਬਾਲ ਤੇ ਦੂਜੇ ਲੋਕ ਅਸਾਥੋਂ ਕਾਫ਼ੀ ਵਿੱਥ ਉੱਤੇ ਸਨ । ਅਸਾਡੇ ਕੋਲੋਂ ਭੁਕਾਨਿਆਂ ਵਾਲਾ ਲੰਘਿਆ ਤਾਂ ਦੋ ਭੁਕਾਨੇ ਖ਼ਰੀਦ ਲਏ।
ਹੁਜਰੇ ਵਾਲੇ ਕੁੱਝ ਦੇਰ ਭੁਕਾਨਿਆਂ ਉੱਤੇ ਹੱਥ ਫੇਰੇ। ਫੇਰ ਉਤਾਂਹ ਹਵਾ ਵਿੱਚ ਖੁੱਲ੍ਹੇ ਛੱਡ ਦਿੱਤੇ। ਦੂਰ ਤੀਕਰ ਉੱਡਦੇ ਭੁਕਾਨਿਆਂ ਨੂੰ ਵੇਖ ਰਹੇ ਸਨ। ਗੱਲ ਫੇਰ ਅੱਗੇ ਟੁਰੀ।
"ਸ਼ੇਖੂਪੁਰੀਆ! ਮੇਰੀ ਮਾਂ ਇੱਥੇ ਹੁਜਰੇ ਵੀ ਆਂਵਦੀ ਸੀ। ਉਹ ਜਦ ਵੀ ਦਾਤਾ ਦਰਬਾਰ ਆਂਵਦੀ, ਮੇਰੇ ਲਈ ਪਾਣੀ ਦਮ ਕਰਵਾ ਕੇ ਲਿਆਇਆ ਕਰਦੀ ਸੀ । ਕੁੱਝ ਪਾਣੀ ਮੈਨੂੰ ਪਿਆਵੰਦੀ ਤੇ ਕੁੱਝ ਹੁਜਰੇ ਦੇ ਬੂਹੇ ਅੱਗੇ ਤਰੌਂਕ ਕੇ ਹਰ ਵਾਰ ਆਖਦੀ, “ਵੇ ਚਰਾਗ਼, ਵਿਆਹ ਕਰਵਾ ਲੈ, ਮੇਰੀ ਉਮਰ ਮੁੱਕਦੀ ਜਾਂਦੀ ਏ।"
ਸ਼ਾਮ ਹੋਵਣ ਵਾਲ਼ੀ ਸੀ, ਸੂਰਜ ਅਜੇ ਖਲੋਤਾ ਹੋਇਆ ਸੀ। ਅਸਮਾਨ ਉੱਤੇ ਕੋਈ ਬੱਦਲ ਨਹੀਂ ਸੀ ਪਰ ਅਸਾਡੀਆਂ ਅੱਖਾਂ ਵਿੱਚ ਬਰਸਾਤਾਂ ਸਨ।
ਵਾਪਸ ਪਰਤਣ ਲਈ ਉੱਠੇ ਤਾਂ ਮੇਰੇ ਉੱਤੇ ਸਵਾਲ ਹੋ ਗਿਆ, "ਤੂੰ ਸੁਣਾ ਤੇਰੀ ਦੂਸਰੀ ਵਹੁਟੀ ਕੈਸੀ ਏ। ਤੇਰੇ ਬਾਲਾਂ ਨੂੰ ਪਸੰਦ ਆ ਗਈ ਏ ਕਿ ਝਗੜਾ ਰਹਿੰਦਾ ਏ ?
ਮੈਂ ਪੂਰੀ ਤਫ਼ਸੀਲ ਨਾਲ ਦੱਸਿਆ, "ਇਹ ਦੂਸਰੀ ਮੇਰੀ ਵਹੁਟੀ ਮੇਰੇ ਮਾਮੇ ਦੀ ਧੀ ਏ । ਮੇਰੇ ਮਾਮੇ ਮੇਰੀ ਮਾਂ ਦਾ ਬਹੁਤ ਇਹਤਰਾਮ ਕਰਦੇ ਨੇ । ਏਸ ਲਈ ਯਾ ਕਿਸੇ ਹੋਰ ਕਾਰਨ ਅਸਾਡੇ ਅਜੇ ਤੀਕਰ ਕੋਈ ਝਗੜਾ ਨਹੀਂ ਹੋਇਆ। ਅੱਗੇ ਚੱਲ ਕੇ ਪਤਾ ਨਹੀਂ ਕੀ ਹੋਸੀ । ਪਰ ਅਜੇ ਤਾਂ ਅਮਨ ਈ ਏ।”
ਟੁਰਦਿਆਂ ਟੁਰਦਿਆਂ ਖਲੋ ਗਏ। ਆਖਿਆ, "ਸ਼ੇਖੂਪੁਰੀਆ! ਵਾਰਸ਼ ਸ਼ਾਹ ਦਾ ਸ਼ੇਅਰ ਏ :
ਘਰ ਸਦਾ ਔਰਤਾਂ ਨਾਲ ਸੋਂਹਦੇ
ਜਿਵੇਂ ਰਾਤ ਅੰਨ੍ਹੇਰੀ ਵਿੱਚ ਦੀਵਿਆਂ ਨੀ।
"ਜੇ ਔਰਤ ਘਰ ਨੂੰ ਸੰਭਾਲ ਲਵੇ ਤਾਂ ਸਮਝੋ ਜ਼ਿੰਦਗੀ ਸੁਖੀ ਏ । ਕੋਈ ਸੱਜਣ ਚੰਗਾ ਇਤਬਾਰ ਵਾਲਾ ਹੋਵੇ ਤਾਂ ਜੀਵਨ ਸੁਹਣਾ ਏ । ਜੇ ਸਿਹਤ ਸੁਥਰੀ ਹੋਵੇ ਤਾਂ ਫੇਰ ਦੁਨੀਆਂ ਵਿੱਚ ਈ ਘਰ ਜੰਨਤ ਹੁੰਦਾ ਏ।"
ਕੁੱਝ ਹੋਰ ਗੱਲਾਂ ਕਰਦੇ ਟਾਂਗਿਆਂ ਵੱਲ ਆ ਰਹੇ ਸਾਂ । ਸਾਹਮਣਿਓਂ ਇੱਕ ਦਾੜ੍ਹੀ ਵਾਲਾ ਬੰਦਾ ਟੁਰਿਆ ਜਾਂਦਾ ਸੀ, ਆਖਿਆ, "ਸ਼ੇਖੂਪੁਰੀਆ! ਕਿਸੇ ਕਤਰਾਵੇਂ ਦਾੜ੍ਹੀ ਵਾਲ਼ੇ ਬੰਦੇ ਉੱਤੇ ਕਦੇ ਇਤਬਾਰ ਨਾ ਕਰੀਂ। ਇਹ ਬੜੇ ਖ਼ਤਰਨਾਕ ਤੇ ਗਲੀਜ਼ ਲੋਕ ਹੁੰਦੇ ਨੇ ।" ਟਾਂਗੇ ਨੇੜੇ ਜਾ ਕੇ ਆਖਿਆ, “ਅੱਛਾ ਸ਼ੇਖੂਪੁਰੀਆ! ਅਗਲੇ ਜੁਮੇਂ।"
ਟਾਂਗੇ ਉੱਤੇ ਬਿਠਾ ਕੇ ਮੈਂ ਆਪ ਬੱਸ ਦੀ ਉਡੀਕ ਵਿੱਚ ਖਲੋ ਗਿਆ।'