

"ਜੇ ਸੱਚ ਪੁੱਛੋਂ ਤਾਂ ਤੇਰਾ ਈ ਨਾਂ ਜਪਨੇ ਆਂ।"
"ਅੱਛਾ ਫੇਰ ਇੱਕ ਤਸਬੀਹ ਲੈ ਆ, ਭਾਬੀ ਜੀਂਦੀ ਰਹਵੇਂ ।" ਮੈਨੂੰ ਵੀ ਕੋਈ ਝਾਕਾ ਨਹੀਂ ਸੀ ਹੋ ਰਿਹਾ।
"ਮੇਰੇ ਸਾਹ ਈ ਮੇਰੀ ਤਸਬੀਹ ਨੇ ਲੋਰਦਾ। ...ਜਪਣ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ ।"
ਬੋਰੀ ਨੂੰ ਚੁਕਾਵਣ ਲਈ ਮੈਂ ਉੜ ਕੇ ਬੋਰੀ ਨੂੰ ਹੱਥ ਪਾਏ। ਉਹ ਵੀ ਉੜੀ ਤੇ ਮੇਰੇ ਸਿਰ ਨਾਲ ਸਿਰ ਜੋੜ ਦਿੱਤਾ। ਫੇਰ ਗੁਟਕਦੀ ਹੋਈ ਬੋਰੀ ਛੱਡ ਕੇ ਖਲੇ ਗਈ। ਬੋਲੀ :
"ਸੁਣਿਆਂ ਵੇ ਤੂੰ ਤਵੀਤ ਵੀ ਲਿਖ ਲੈਨਾ ਏ।"
"ਨਹੀਂ ਭਾਬੀ, ਉਹ ਤੇ ਐਵੇਂ ਮੈਂ ਮਖੌਲ ਕੀਤਾ ਸੀ।"
"ਤੇਰੇ ਤਵੀਤ ਨਾਲ ਭੈਣ ਸਕੀਨਾ ਦਾ ਬਾਲ ਤਾਂ ਚੁੱਪ ਕਰ ਗਿਆ ਸੀ। ਉਹਨੇ ਰਿਹਾੜ ਕਰਨੀ ਵੀ ਛੱਡ ਦਿੱਤੀ ਏ। ਬੜੀ ਤਾਕਤ ਏ ਤੇਰੇ ਤਵੀਤਾਂ ਵਿੱਚ।"
"ਕੋਈ ਹੋਰ ਸਬੱਬ ਬਣ ਗਿਆ ਹੋਸੀ ਭਾਬੀ ।"
ਉਸ ਉਮਰੇ ਮੈਨੂੰ ਐਵੇਂ ਈ ਜਾਦੂ ਟੂਣੇ ਸਿੱਖਣ ਦਾ ਸ਼ੌਕ ਚੜ੍ਹਿਆ ਰਹਿੰਦਾ ਸੀ। ਜਾਦੂ ਮੰਤਰ ਸਿੱਖਣ ਲਈ ਇੱਕ ਮੇਲੇ ਵਿੱਚੋਂ ਦੋ ਤਿੰਨ ਕਿਤਾਬਾਂ ਖਰੀਦ ਲਿਆਇਆ ਸਾਂ।
ਕਿਤਾਬਾਂ ਵਿੱਚ ਲਿਖੇ ਜਾਦੂ ਟੂਣੇ ਅਜ਼ਮਾਂਵਦਾ ਰਹਿੰਦਾ ਸਾਂ । ਜਿਹੜਾ ਕਦੇ ਵੀ ਕਾਮਯਾਬ ਨਹੀਂ ਸੀ ਹੁੰਦਾ ਸਿਵਾਏ ਉਸ ਤਾਵੀਜ਼ ਦੇ ਜਿਹੜਾ ਮੈਂ ਭਾਬੀ ਸਕੀਨਾ ਦੇ ਬਾਲ ਦੇ ਛੜਮ ਕਰਨ ਉੱਤੇ ਲਿਖਿਆ ਸੀ।
ਉਸ ਤਾਵੀਜ਼ ਦੇ ਅਸਰ ਮਗਰੋਂ ਮੈਂ ਏਥੇ ਆਪਣੇ ਪਿੰਡ ਵਿੱਚ ਆਲਮ ਮਸ਼ਹੂਰ ਹੋ ਗਿਆ ਸਾਂ। ਨਾਲ ਨਾਲ ਇਹ ਗੱਲ ਟੁਰ ਪਈ ਸੀ ਕਿ ਮੈਨੂੰ ਕਾਲੇ ਇਲਮ ਦੇ ਹਰਫ਼ ਵੀ ਆਂਵਦੇ ਨੇ।
ਕੋਈ ਧਾਗਾ ਕਰਵਾਣ ਆ ਜਾਂਦੀ ਤੇ ਕੋਈ ਫੂਕਾਂ ਮਰਵਾਣ। ਏਹੋ ਜਿਹੀ ਬੇਹੂਦਗੀ ਕਰਨ ਵਿੱਚ ਮੇਰਾ ਕੋਈ ਨੁਕਸਾਨ ਨਹੀਂ ਸੀ, ਐਵੇਂ ਟੌਹਰ ਬਣੀ ਜਾ ਰਿਹਾ ਸੀ।
ਹੁਣ ਜਦ ਭਾਬੀ ਨਾਜੀ ਮੁੜ ਤਾਵੀਤ ਦੀ ਗੱਲ ਕੀਤੀ ਤਾਂ ਮੈਂ ਵੀ ਸ਼ੇਖੀ ਵਿੱਚ ਆ ਗਿਆ। ਝੱਟ ਆਖਿਆ, "ਭਾਬੀ ਜੇ ਤੂੰ ਆਖੇਂ ਤਾਂ ਤੈਨੂੰ ਤਾਵੀਜ਼ ਪਾ ਦੇਵਾਂ, ਕਮਲੀ ਹੋਈ ਫਿਰੇਂਗੀ।"
"ਵੇ ਮੈਨੂੰ ਤੇ ਅੱਗੇ ਈ ਤਾਵੀਜ਼ ਪਏ ਨੇਂ।” ਉਹ ਉਦਾਸ ਜਿਹੀ ਹੋ ਗਈ। ਚੁੱਪ ਕਰਕੇ ਬੋਰੀ ਸਿਰ 'ਤੇ ਰਖਵਾਈ ਤੇ ਆਖਿਆ:
"ਜੇ ਤੂੰ ਮੇਰੇ ਤਾਵੀਜ਼ ਕੱਢ ਸਕਨਾ ਏਂ ਤੇ ਫੇਰ ਨਾਂਹ ਨਾ ਕਰੀਂ, ਮੈਂ ਤੈਨੂੰ ਯਾਦ ਰੱਖਾਂਗੀ।" ਏਨੀ ਗੱਲ ਕਰਕੇ ਉਹ ਮਸ਼ੀਨ ਵੱਲ ਚਲੀ ਗਈ ਤੇ ਮੈਂ ਘਰ ਨੂੰ ਟੁਰ ਆਇਆ। ਮੈਂ ਰਾਹ ਵਿੱਚ ਸੋਚਦਾ ਆਇਆ।
ਇਹਨੂੰ ਕਾਹਦੇ ਤਾਵੀਜ਼ ਪਏ ਹਨ ? ਕੀ ਰੋਗ ਏ ਇਹਨੂੰ ? ਚੰਗੀ ਭਲੀ ਤਾਂ ਜਾਪਦੀ ਏ।