

ਗੱਲ ਆਈ ਗਈ ਹੋ ਗਈ । ਕਈ ਦਿਨ ਲੰਘ ਗਏ। ਮੂੰਜੀ ਦੀ ਬਿਜਾਈ ਦਾ ਤਾੜ ਸੀ। ਆਪੋ ਆਪ ਸਾਰੇ ਰਾਹਕ ਕੰਮਾਂ ਵਿੱਚ ਰੁੱਝ ਗਏ।
ਇੱਕ ਸ਼ਾਮ ਨੂੰ ਮਲੂਮ ਹੋਇਆ ਕਿ ਨਾਜੀ ਨੂੰ ਜਿੰਨ ਚਿੰਬੜੇ ਹੋਏ ਹਨ। ਇਹ ਵੀ ਪਤਾ ਚੱਲ ਗਿਆ ਕਿ ਜਿੰਨ ਤੇ ਉਹਨੂੰ ਕਈ ਦਿਨਾਂ ਤੋਂ ਚਿੰਬੜੇ ਹੋਏ ਸਨ। ਪਹਿਲੇ ਉਹਦੇ ਘਰ ਵਾਲਿਆਂ ਚੋਰੀ ਚੋਰੀ ਦਮ ਦਰੂਦ ਕਰਵਾ ਵੇਖਿਆ ਏ, ਪਰ ਗੱਲ ਹੌਲੀ ਹੌਲੀ ਖਿੱਲਰ ਗਈ। ਜਿੰਨ ਕੱਢਣ ਆਲੇ ਪੀਰ ਫ਼ਕੀਰ ਵੀ ਆਏ। ਕਿਸੇ ਕੋਲੋਂ ਵੀ ਜਿੰਨ ਨਹੀਂ ਸਨ ਨਿੱਕਲਦੇ ਪਏ।
ਹੁਣ ਕੋਈ ਵੀ ਪੀਰ ਫ਼ਕੀਰ ਏਧਰ ਮੂੰਹ ਨਹੀਂ ਸੀ ਕਰਦਾ ਕਿਉਂ ਜੁ ਨਾਜੀ ਨੂੰ ਚਿੰਬੜੇ ਜਿੰਨ ਪੀਰਾਂ ਫ਼ਕੀਰਾਂ ਦੇ ਹੱਥੀਂ ਪੈ ਜਾਂਦੇ ਸਨ।
ਭੂਆ ਮੈਨੂੰ ਦੱਸਿਆ, "ਉਹ ਤੇ ਤੇਰਾ ਨਾਂ ਈ ਜਪਦੇ ਨੇ।"
"ਹੈਂ, ਮੇਰਾ ਨਾਂ ਉਹ ਕਾਹਦੇ ਲਈ..." ਮੇਰੇ ਅੰਦਰ ਖ਼ੌਫ਼ ਆ ਗਿਆ।
ਭੂਆ ਡਰੀ ਹੋਈ ਸੀ । ਉਸ ਆਖਿਆ, "ਜਿਹੜੇ ਜਿੰਨ ਨਾਜੀ ਨੂੰ ਚਿੰਬੜੇ ਹੋਏ ਹਨ ਉਹਨਾਂ ਦਾ ਆਖਣਾ ਏ ਕਿ ਤੁਹਾਡੇ ਪਿੰਡ ਦਾ ਗੋਗੀ ਆਲਮ ਅਸਾਨੂੰ ਹੁਕਮ ਕਰੇ ਤਾਂ ਅਸਾਂ ਟੁਰ ਜਾਵਾਂਗੇ।"
"ਜਿੰਨ ਮੇਰਾ ਨਾਂ ਲੈਂਦੇ ਨੇ", ਮੈਂ ਡਰਿਆ ਵੀ ਤੇ ਹੈਰਾਨ ਵੀ ਹੋਇਆ। ਭੂਆ ਦੇ ਸਾਹਮਣੇ ਮੈਂ ਬੁਜ਼ਦਿਲ ਨਹੀਂ ਸੀ ਬਣਨਾ ਚਾਹੁੰਦਾ। ਦਲੇਰੀ ਨਾਲ ਆਖਿਆ:
"ਮੈਂ ਤੇ ਆਪਣੇ ਇਲਮ ਨਾਲ ਜਿੰਨ ਨੂੰ ਸਾੜ ਕੇ ਸੁਆਹ ਕਰ ਸਕਨਾਂ । ਉੱਥੋਂ ਕੱਢਕੇ ਕਿਸੇ ਹੋਰ ਨੂੰ ਚਮੇੜ ਸਕਨਾਂ।"
"ਨਾ ਨਾ ਸਾਨੂੰ ਕੀ ਲੋੜ ਏ ਜਿੰਨਾਂ ਨਾਲ ਵੈਰ ਪਾਵਣ ਦੀ।" ਭੂਆ ਡਰ ਗਈ ਸੀ।
"ਖਾਵਣ ਖਸਮਾਂ ਨੂੰ, ਅਸਾਨੂੰ ਕੀ ਲੱਗੇ ਕਿਸੇ ਨਾਲ", ਭੂਆ ਫੇਰ ਆਖਿਆ। ਡਰਿਆ ਤੇ ਮੈਂ ਵੀ ਹੋਇਆ ਸਾਂ ਪਰ ਭੂਆ ਨੂੰ ਹੋਰ ਡਰਾਵਣ ਲਈ ਆਖਿਆ।
"ਜਿਹਨਾਂ ਉੱਤੇ ਮੈਨੂੰ ਗੁੱਸਾ ਆਏ, ਮੈਂ ਉਹਨਾਂ ਨੂੰ ਜ਼ਰੂਰ ਜਿੰਨ ਚਮੋੜਸਾਂ।" ਮੇਰਾ ਪੱਕਾ ਇਰਾਦਾ ਵੇਖ ਕੇ ਭੂਆ ਮੇਰੀ ਮਾਂ ਨੂੰ ਅਵਾਜ਼ ਮਾਰੀ।
"ਭਾਬੀ ਵੇਖ ਲੈ, ਗੋਗੀ ਮੈਨੂੰ ਜਿੰਨ ਚੰਬੋੜਦਾ ਈ", ਚੀਕ ਮਾਰ ਕੇ ਭੂਆ ਬੇਹੋਸ਼ ਹੋ ਗਈ।
ਮਾਂ ਭੱਜ ਕੇ ਆਈ। ਪਿਉ ਵੀ ਲੱਥੀ ਪੱਥੀ ਭੱਜਿਆ ਆਇਆ। ਪਿਉ ਦੀ ਮਾਰ ਕੋਲੋਂ ਡਰਦਿਆਂ ਮੈਂ ਦੁੜਕ ਲਾਈ ਤੇ ਘਰੋਂ ਬਾਹਰ ਨਿੱਕਲ ਗਿਆ।
ਨਾਜੀ ਦੇ ਵਿਹੜੇ ਲੋਕ ਇਕੱਠੇ ਹੋਏ ਸਨ । ਮੈਂ ਉੱਧਰ ਈ ਚਲਾ ਗਿਆ।
ਇੱਕ ਪੀਰ ਜਿੰਨ ਕੱਢਣ ਲਈ ਆਇਆ ਹੋਇਆ ਸੀ। ਉਸ ਬਥੇਰੇ ਮੰਤਰ ਪੜ੍ਹੇ, ਧੂਣੀਆਂ ਧੁਖਾਈਆਂ, ਦਮਨ ਛੋਣੇ ਵਜਾਏ, ਘੜਾ ਪਰਾਂਤ ਵੀ ਖੜਕਾਈ, ਪਰ ਜਿੰਨ ਨਹੀਂ ਸੀ ਨਿੱਕਲ ਰਿਹਾ।