

ਉਸ ਲੀੜੇ ਵੀ ਨਵੇਂ ਪਾਏ ਹੋਏ ਸਨ ਤੇ ਜੁੱਤੀ ਵੀ ਗੁਰਗਾਬੀ ਸੀ। ਸੱਜੇ ਹੱਥ ਦੀ ਉਂਗਲੀ ਵਿੱਚ ਇੱਕ ਸੋਨੇ ਦੀ ਮੁੰਦਰੀ ਵੀ ਪਾਈ ਹੋਈ ਸੀ।
ਮੈਂ ਇਹ ਸਾਰਾ ਕੁੱਝ ਨਹੀਂ ਸਾਂ ਕਰ ਸਕਦਾ। ਮੈਥੋਂ ਨਹੀਂ ਸੀ ਹੋ ਸਕਦਾ। ਫੇਰ ਵੀ ਮੈਂ ਆਪਣੀ ਉਲਝਣ ਭੁੱਲ ਕੇ ਲੰਡੂ ਦੇ ਵਿਆਹ 'ਤੇ ਬਹੁਤ ਖੁਸ਼ ਸਾਂ। ਹੋਸ਼ਾਂ ਨੂੰ ਆਪਣੀ ਵਹੁਟੀ ਬਣਾ ਕੇ ਲੰਡੂ ਵੀ ਤੇ ਬਹੁਤ ਖੁਸ਼ ਸੀ।
ਵਿਆਹ ਤੋਂ ਅਗਲੇ ਦਿਨ ਬਸ਼ੀਰਾਂ ਅਸਾਡੇ ਘਰ ਆਈ। ਮਾਂ ਉਹਦੀ ਬਹੁਤ ਟਹਿਲ ਸੇਵਾ ਕੀਤੀ। ਸੇਵੀਆਂ ਪਕਾਈਆਂ। ਉਹਦੀ ਬਾਲੜੀ ਨਾਲ ਪਿਆਰ ਕੀਤਾ। ਮੇਰੀ ਮਾਂ ਨਾਲੋਂ ਮਾਸੀ ਅਸਾਡੇ ਘਰ ਆ ਕੇ ਬਹੁਤ ਖੁਸ਼ ਮਲੂਮ ਹੋ ਰਹੀ ਸੀ। ਹੱਸ ਹੱਸ ਗੱਲਾਂ ਕਰਦੀ ਗੁਟਕਦੀ ਵਾਹਵਾ ਲੱਗਦੀ ਸੀ। ਉਹਦੇ ਸਿਰ ਤੋਂ ਕਵਾਰੀਆਂ ਵਾਂਗ ਚੁੰਨੀ ਡਿਗ ਡਿਗ ਪੈਂਦੀ ਸੀ। ਮੇਰੀ ਮਾਂ ਨੂੰ 'ਭੈਣ' ਕਹਿਕੇ ਬੁਲਾਂਵਦੀ ਸੀ ਮਾਂ ਉਹਦਾ ਨਾਂ ਲੈ ਕੇ ਗੱਲ ਕਰਦੀ, "ਨੀ ਬਸ਼ੀਰਾਂ ਤੂੰ ਮੇਰੀ ਛੋਟੀ ਭੈਣ ਵਾਂਗਰ ਏਂ । ਜਦ ਜੀਅ ਕਰੇ ਆ ਜਾਇਆ ਕਰ ।"
ਮਾਸੀ ਬਸ਼ੀਰਾਂ ਹੱਸ ਕੇ ਆਖਦੀ, "ਜੇ ਮੇਰਾ ਜੀਅ ਚੰਦਰਾ ਰੋਜ਼ ਈ ਕਰ ਆਇਆ ਤਾਂ ।" ਮਾਂ ਆਖਦੀ "ਬਿਸਮਿੱਲਾ, ਤੂੰ ਜੰਮ ਜੰਮ ਆ। ਤੈਨੂੰ ਕੋਈ ਮੋੜ ਏ ਬਸ਼ੀਰਾਂ.. ਤੇਰਾ ਆਪਣਾ ਘਰ ਏ।" ਦੋਵੇਂ ਭੈਣਾਂ ਇੱਕ ਦੂਜੇ ਨਾਲ ਝੱਟ ਕੁ ਹਸਦੀਆਂ ਤੇ ਦੁੱਖ-ਸੁੱਖ ਦੀਆਂ ਗੱਲਾਂ ਕਰਦੀਆਂ ਰਹੀਆਂ। ਜਦ ਮਾਸੀ ਉੱਠ ਕੇ ਜਾਣ ਲੱਗੀ ਤਾਂ ਮਾਂ ਆਖਿਆ, "ਜ਼ਰਾ ਦੀ ਜ਼ਰਾ ਬਹਿ ਜਾ ਬਸ਼ੀਰਾਂ । ਪਹਿਲੀ ਵਾਰ ਆਈ ਏਂ, ਖ਼ਾਲੀ ਹੱਥ ਤੇ ਮੈਂ ਨਹੀਂ ਜਾਣ ਦੇਣਾ ।" ਮਾਂ ਅੰਦਰ ਜਾ ਕੇ ਇੱਕ ਭਾਂਡੇ ਵਿੱਚ ਅੱਧਾ ਕੁ ਸੇਰ ਦੇਸੀ ਘਿਓ ਤੇ ਇੱਕ ਕੱਪੜੇ ਵਿੱਚ ਛੇ ਸੱਤ ਸੇਰ ਸੱਤੂ ਬੰਨ੍ਹ ਲਿਆਈ। "ਲੈ ਭੈਣ, ਇਹ ਤੇਰੀ ਧੀ ਵਾਸਤੇ ਨੇ।" ਮਾਸੀ ਬਸ਼ੀਰਾਂ ਮਾੜੀ ਮੋਟੀ ਰਵਾਇਤੀ ਨਾਂਹ ਨੁੱਕਰ ਕੀਤੀ ਤੇ ਫੇਰ ਦੋਵੇਂ ਸ਼ੈਆਂ ਬਿਸਮਿੱਲਾ ਕਰਕੇ ਕਬੂਲ ਕਰ ਲਈਆਂ। ਮੇਰੇ ਲਈ ਮਾਂ ਦਾ ਹੁਕਮ ਹੋਇਆ ਕਿ ਮਾਸੀ ਦੇ ਨਾਲ ਜਾ ਕੇ ਸੱਤੂ ਉਹਨਾਂ ਦੇ ਘਰ ਅੱਪੜ ਆਵਾਂ। ਭਲਾਂ ਮਾਸੀ ਦੇ ਘਰ ਜਾਵਣ ਤੋਂ ਮੈਨੂੰ ਕਿਹੜੀ ਇਨਕਾਰ ਸੀ। ਮੇਰਾ ਤੇ ਦਿਲ ਕਰਦਾ ਸੀ ਕਿ ਮਾਸੀ ਤੋਂ ਵੀ ਪਹਿਲਾਂ ਅੱਪੜ ਜਾਵਾਂ।
ਮੈਂ ਸੱਤੂ ਸਿਰ ਉੱਤੇ ਚੁੱਕ ਲਏ ਤੇ ਘਿਓ ਵਾਲ਼ਾ ਭਾਂਡਾ ਹੱਥ ਵਿੱਚ ਲਮਕਾ ਲਿਆ। ਮਾਸੀ ਤੋਂ ਵੀ ਕਾਹਲਾ ਉੱਠ ਤੁਰਿਆ, ਬਹੁਤ ਈ ਅੱਗੇ ਅੱਗੇ । ਪੰਜਾਂ ਸੱਤਾਂ ਪੈਲੀਆਂ ਦੀ ਵਿੱਥ 'ਤੇ ਸ਼ਾਹੂ ਦੇ ਖੋਲੇ ਸਨ। ਮੇਰੀ ਕਾਹਲੀ ਨੂੰ ਵੇਖ ਕੇ ਮਾਸੀ ਪਿੱਛੋਂ ਅਵਾਜ਼ ਮਾਰੀ, "ਐ ਹੈ ਵੀਰਾ, ਸਾਨੂੰ ਵੀ ਰਲ ਲੈਣ ਦੇ। ਤੂੰ ਤੇ ਉੱਡਿਆ ਈ ਜਾਨਾਂ ਏਂ ।" ਮਾਸੀ ਆਪਣੀ ਕੁੜੀ ਨੂੰ ਉਂਗਲੀ ਲਾਈ ਰਾਹੇ ਰਾਹੇ ਟੋਰੀ ਆਂਵਦੀ ਸੀ । ਮੈਂ ਖਲੋ ਗਿਆ ਪਰ ਮੇਰਾ ਦਿਲ ਕਰਦਾ ਸੀ ਕਿ ਮਾਸੀ ਤੇ ਉਹਦੀ ਧੀ ਨੂੰ ਵੀ ਮੋਢਿਆਂ ਉੱਤੇ ਚੁੱਕ ਲਵਾਂ ਤੇ ਅੱਖ ਝਪਕਣ ਤੋਂ ਪਹਿਲਾਂ ਸ਼ਾਹੂ ਦੇ ਖੋਲਿਆਂ ਵਿੱਚ ਅੱਪੜ ਜਾਵਾਂ, ਪਰ ਮਾਸੀ ਦੀਆਂ ਤੇ ਜਿਵੇਂ ਲੱਤਾਂ ਈ ਜੋੜੀਆਂ ਗਈਆਂ ਸਨ।
ਮਾਸੀ ਨੇੜੇ ਆ ਕੇ ਆਖਿਆ, "ਮੇਰੇ ਨਾਲ ਟੁਰਦਿਆਂ ਤੈਨੂੰ ਸ਼ਰਮ ਆਂਵਦੀ ਏ ?” "ਨਹੀਂ ਮਾਸੀ ।"