ਮਾਂ ਏਹੋ ਜਿਹੇ ਕਈ ਵਾਕੇ ਸੁਣਾਏ ਜਿਹਨਾਂ ਵਿੱਚ ਘਰ ਵਾਲਿਆਂ ਦੀ ਮਾੜੀ ਜਿਹੀ ਸੁਸਤੀ ਪਾਰੋਂ ਘਰਾਂ ਨੂੰ ਅੱਗਾਂ ਲੱਗੀਆਂ ਸਨ । ਕਦੇ ਚੁੱਲ੍ਹੇ ਦੀ ਅੱਗ ਨਾਲ, ਕਦੇ ਦੀਵੇ ਦੀ ਲਾਟ ਨਾਲ ਤੇ ਕਦੇ ਹੁੱਕੇ ਦੀ ਟੋਪੀ ਵਾਲੀ ਅੱਗ ਨਾਲ ਕਈ ਝੁੱਗੇ ਸੜ ਕੇ ਸਵਾਹ ਹੋਏ ਸਨ।
ਇੱਕ ਘਰ ਨੂੰ ਅੱਗ ਲੱਗੇ ਤਾਂ ਦੂਜੇ ਘਰ ਵੀ ਨਾਲ ਈ ਸੜ ਜਾਂਦੇ ਸਨ। ਅਸਾਡੇ ਏਸ ਨਿੱਕੇ ਜਿਹੇ ਪਿੰਡ ਵਿੱਚ ਸਾਰੇ ਰਾਹਕ ਹੀ ਰਹਿੰਦੇ ਸਨ। ਸਭ ਰਾਹਕਾਂ ਝੁੱਗੀਆਂ ਈ ਬਣਾਈਆਂ ਹੋਈਆਂ ਸਨ। ਇਹਨਾਂ ਝੁੱਗੀਆਂ ਵਿੱਚ ਰਾਹਕ ਰਹਿੰਦੇ ਸਨ । ਕਿਉਂ ਜੁ ਵਸਣਾ ਤਾਂ ਕਿਸੇ ਕਿਸੇ ਨੂੰ ਨਸੀਬ ਹੁੰਦਾ ਏ। ਫੇਰ ਰਾਹਕ ਜੀਵਨ ਨਹੀਂ, ਜੂਨ ਭੋਗ ਰਹੇ ਸਨ।
ਅਸੀਂ ਸਾਰੇ ਰਾਹਕ ਏਸ ਪਿੰਡ ਵਿੱਚ ਜੂਨ ਭੋਗ ਰਹੇ ਸਾਂ ।
ਸਭ ਦੀਆਂ ਝੁੱਗੀਆਂ ਨਾਲ ਨਾਲ ਬਣੀਆਂ ਹੋਈਆਂ ਸਨ। ਕਿਸੇ ਦੀ ਕੰਡ ਸਾਂਝੀ ਤੇ ਕਿਸੇ ਦਾ ਚਨਾ ਸਾਂਝਾ । ਕਿਸੇ ਦਾ ਵੀ ਕੋਈ ਕੱਚਾ ਯਾ ਪੱਕਾ ਕੋਠਾ ਨਹੀਂ ਸੀ।
ਨੀਵੀਆਂ ਨੀਵੀਆਂ ਮਿੱਟੀ ਦੀਆਂ ਕੰਧਾਂ, ਉੱਤੇ ਸਰਕਾਨੇ ਦੀ ਛੱਤ ਨੂੰ ਅਸਾਂ ਕੁੱਲੀ ਯਾ ਝੁੱਗੀ ਆਖਦੇ ਸਾਂ । ਬਹੁਤੇ ਝੁੱਗੀ ਈ ਆਖਦੇ ਸਨ।
ਇੱਕੋ ਜ਼ਿਮੀਂਦਾਰ ਦੇ ਅਸਾਂ ਸਾਰੇ ਰਾਹਕ ਸਾਂ। ਜ਼ਿਮੀਦਾਰ ਨੇ ਆਪਣੇ ਲਈ ਇੱਥੇ ਪੱਕੀ ਬੈਠਕ ਬਣਵਾਈ ਹੋਈ ਸੀ । ਨਾਲ ਪੱਕੀ ਹਵੇਲੀ ਤੇ ਗੋਦਾਮ ਵੀ ਬਣਵਾਇਆ ਹੋਇਆ ਸੀ। ਜ਼ਿਮੀਂਦਾਰ ਉਹਨੂੰ 'ਡੇਰਾ' ਆਖਦਾ ਸੀ, ਪਰ ਸਾਡੇ ਲਈ ਉਹ ਪਿੰਡ ਸੀ।
ਉਹਦੀਆਂ ਜ਼ਮੀਨਾਂ ਉੱਤੇ ਇੰਝ ਦੇ ਕਈ ਡੇਰੇ ਬਣੇ ਹੋਏ ਸਨ।
ਕਿਸੇ ਵੀ ਰਾਹਕ ਕੋਲ ਆਪਣੀ ਕੋਈ ਭੋਂਏਂ ਨਹੀਂ ਸੀ। ਜ਼ਿਮੀਂਦਾਰ ਦੀ ਭੋਏਂ ਉੱਤੇ ਈ ਸਿਰ ਲੁਕਾਵਣ ਲਈ ਝੁੱਗੀਆਂ ਪਾਈਆਂ ਹੋਈਆਂ ਸਨ । ਰਾਹਕਾਂ ਦਾ ਆਪਣਾ ਕੋਈ ਠਕਾਣਾ ਨਹੀਂ ਸੀ। ਕਦੇ ਕਿਸੇ ਜ਼ਿਮੀਦਾਰ ਕੋਲ ਤੇ ਕਦੇ ਕਿਸੇ ਕੋਲ ਜਾ ਰਹਿੰਦੇ ਸਨ।
ਉਹਨਾਂ ਦਿਨਾਂ ਵਿੱਚ ਅਸੀਂ ਜ਼ਿਮੀਦਾਰ ਹਾਜੀ ਕੋਲ ਬੈਠੇ ਹੋਏ ਸਾਂ । ਸਾਰਾ ਪਿੰਡ (ਡੇਰਾ) ਹਾਜੀ ਦੀ ਮਲਕੀਅਤ ਸੀ । ਹਾਜੀ ਦੀ ਮਲਕੀਅਤ ਵਿੱਚ ਕਈ ਹੋਰ ਪਿੰਡ ਵੀ ਸਨ, ਉੱਥੇ ਵੀ ਸਾਰੇ ਰਾਹਕ ਈ ਰਹਿੰਦੇ ਸਨ।
ਲਹੌਰੋਂ ਸ਼ੇਖੂਪੁਰਾ ਜਾਣ ਵਾਲੀ ਸੜਕ ਲਾਗੇ ਤੇਰ੍ਹਵੇਂ ਮੀਲ ਉੱਤੇ ਨਾਲਾ ਡੇਕ ਵਗਦਾ ਏ। ਨਾਲਾ ਡੇਕ ਦੇ ਕੰਢੇ ਉੱਤੇ ਸੜਕੋਂ ਪੰਜ ਕੁ ਪੈਲੀਆਂ ਦੀ ਦੂਰੀ ਉੱਤੇ ਇਹ ਸਾਡਾ ਪਿੰਡ ਤੇ ਹਾਜੀ ਦਾ ਡੇਰਾ ਸੀ (ਜਿਹੜਾ ਹੁਣ ਵੀ ਹੈ) ਪਿੰਡ ਦੇ ਚਾਰ ਚੁਫੇਰੇ ਹਾਜੀ ਦੀਆਂ ਈ ਜ਼ਮੀਨਾਂ ਸਨ।
ਹਰ ਡੇਰੇ ਉੱਤੇ ਹਾਜੀ ਦਾ ਇੱਕ ਮੁਨਸ਼ੀ, ਚਾਰ ਪੰਜ ਕਾਮੇ ਤੇ ਇੱਕ ਇੱਕ ਧੜਵਾਈ ਹੁੰਦਾ ਸੀ। ਹਾਜੀ ਮੁਲਕੀ ਸਿਆਸਤ ਵਿੱਚ ਭਰਵਾਂ ਹਿੱਸਾ ਲੈਂਦਾ ਸੀ। ਪਿਛਲੀ ਕੌਮੀ ਅਸੰਬਲੀ ਦਾ ਮੈਂਬਰ ਵੀ ਰਿਹਾ ਸੀ ਤੇ ਹੁਣ ਵੀ ਮੈਂਬਰੀ ਵਾਸਤੇ ਜਤਨ ਕਰਦਾ ਰਹਿੰਦਾ ਸੀ। ਆਪ ਤਾਂ ਹਾਜੀ ਵਸਦਾ ਸ਼ੇਖੂਪੁਰਾ ਸ਼ਹਿਰ ਸੀ, ਪਰ ਅਲੈਕਸ਼ਨ ਆਪਣੇ ਰਾਹਕਾਂ ਦੇ ਹਲਕੇ ਵਿੱਚੋਂ ਆ ਕੇ ਲੜਦਾ ਸੀ।