

ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਮੈਲੇ ਬਸਤਰਾਂ ਵਿਚ ਉਹ ਘੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ ਕੁੱਟਿਆ, ਗਾਲ੍ਹਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫੇਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿਚ ਲੁਕੀ ਤੇ ਸ਼ਰਮ ਵਿਖੇ ਡੁਬੀ ਤੇ ਕੰਬਦੀ ਨੇ ਇਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਧੂ ਲਈ। ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ, ਨਵਾਬ ਸਾਹਿਬ ਜਿੱਤੇ ਹੋਏ ਕੁਕੜ ਵਾਂਗ ਟੱਰਾ ਉਠੇ: ਦੇਖਾ ਹਮ ਨੇ ਅਪਨਾ ਹੁਕਮ ਪੂਰਾ ਕੀਆ— ਸਿਖ ਕੀ ਬੀਵੀ ਕੇ ਮਨਾ ਲੀਆ (ਥਿੜਕਾ ਕੇ ਝੋਕਾ ਖਾ ਕੇ) ਅਬ ਬੇਗਮ ਬਨਾਏਂਗੇ ਪੰਜਾਬ ਕੀ ਮਲਕਾ ਕਹਾਏਂਗੀ..। ਤੇ ਇਸ ਤਰ੍ਹਾਂ ਦੇ ਬਕਵਾਸ ਤੇ ਝੋਕਿਆਂ ਤੇ ਨਸ਼ੀਲੀਆਂ ਉਂਘਾਂ ਵਿਚ ਸੀ ਨਵਾਬ ਕਿ ਬੀਬੀ ਨੂੰ ਕਪੜੇ ਬਦਲਣੇ ਪਏ. ਅਰ ਸ਼ਿੰਗਾਰ ਲਾਉਣੇ ਪਏ, ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾ (ਦੀਵੇ) ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ ਬੀਤ ਗਈ ਜਿੱਕੁਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬੱਦਲਾਂ ਵਿਚੋਂ ਦੌੜਕੇ ਐਉਂ ਗੁੰਮ ਹੋ ਜਾਵੇ ਜਿੰਕੁਰ ਯੋਗੀ ਪੁਰਖ ਦੇ ਹਿਰਦੇ ਵਿਚੋਂ ਸੰਗ ਦੇਖ ਕਰਕੇ ਮੰਦ ਵਾਸ਼ਨਾ ਇਕ ਬਲਕਾ ਦੇ ਕੇ ਕੁਸੰਗ ਦੂਰ ਹੋਏ ਤੇ-ਗੁੰਮ ਹੋ ਜਾਂਦੀਆਂ ਹਨ। ਮਾਨੋਂ ਕਮੀਲੇ ਦੀ ਅੱਗ ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਬੀ ਨਾਂ।
ਜਾਂ ਦਿਨ ਹੋਇਆ ਬੇਗ਼ਮ ਵੈਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿਚ ਗਈ, ਜੇ ਇਸ ਵੇਲੇ ਜਪੁਜੀ ਸਾਹਿਬ ਦੇ ਭੋਗ ਪਾਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ, ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਉ ਵਿਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨ੍ਹਣੂ ਬੱਝ ਗਿਆ ਹੈ ਕਿ ਆਪ ਦਾ ਸ਼ੀਲ ਧਰਮ ਸਦਾ ਲਈ ਬਚ ਗਿਆ, ਆਪ ਜਲ ਵਿਚ ਕੈਲ ਫੁੱਲ ਦੀ ਤਰ੍ਹਾਂ ਰਹੇਗੇ. ਕੋਈ ਤੁਹਾਡੀ ਵਾ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ।
ਸ਼ੀਲਾ- ਭੈਣ ਜੀ! ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੈ। ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿਚ ਮਿਹਰ ਪਾਈ, ਪਰ ਭੈਣ ਜੀ! ਮੈਨੂੰ ਦੱਸੇ ਤਾਂ ਸਹੀ ਕਿ ਤੁਸਾਂ ਕੀਕੂੰ ਮੇਰੀ ਰਾਖੀ ਕੀਤੀ?