

ਬੇਗਮ— ਇਹ ਗੱਲ ਦੱਸਣ ਦੀ ਨਹੀਂ।
ਝੀਲਾ- ਮੈਂ ਹਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾ ਦੱਸੋ।
ਬੇਗਮ- ਭੈਣ! ਤੇਰਾ ਮੇਰਾ ਹੁਣ ਇਕ ਭੇਤ ਹੈ, ਤੈਥੋਂ ਕੀ ਲੁਕਾਉ ਤਰਾਂ! ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕਪੜੇ ਪਹਿਨ ਗਮਰੁੱਠ ਬਣਕੇ, ਆਪ ਵਾਂਙੂ ਗੱਲਾਂ ਕਰਕੇ ਫਿਰ ਹਨੇਰੇ ਦੀ ਮੱਦਦ ਨਾਲ ਇਹ ਧੋਖਾ ਬਣਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੈ, ਸੋ ਪਤੀ ਨਸੇ ਵਿਚ ਮੈਨੂੰ ਨਹੀਂ ਪਛਾਣ ਸਕਿਆ। ਉਮੈਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਫਿਰ ਤਾਂ ਨਿਭ ਜਾਏਗੀ ਫੇਰ ਹੋਰ ਤਜਵੀਜ਼ ਸੋਚ ਰਹੀ ਹਾਂ, ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇਕ ਸਮਾਨ ਕਰਨੇ ਵਾਲਾ ਹੈ। ਹਾਂ ਹਨੇਰਾ ਸਹਨਸ਼ੀਲਤਾ ਦਾ ਘਰ, ਮਹਿੰ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿਚ ਖੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੇ, ਸਮਾਧੀ ਲਾਵੇ, ਕਿਸੇ ਨੂੰ । ਨੂੰ ਨਿੰਦਦਾ ਸਲਾਹੁੰਦਾ ਨਹੀਂ, ਕਿਸੇ ਦਾ ਪਾਜ ਨਹੀਂ ਉਘੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵਾਂਙੂ ਸਾਰੇ ਜਹਾਨ ਵਿਚ ਨਸ਼ਰ ਕਰ ਦੇਂਦੀਆਂ ਹਨ। ਤਾਰਿਆਂ ਦੀਆਂ ਚੋਰ ਅੱਖਾਂ ਹਨ ਜੋ ਕੰਨਾਂ ਵਿਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲਕੜੇ ਉਘੇੜ ਦਿੰਦੀਆਂ ਹਨ, ਪਰ ਹਨੇਰਾ ਬੜਾ ਬੀਬਾ ਰਾਣਾ ਹੈ, ਸਭ ਦੇ ਪੜਦੇ ਢਕ ਦੇਂਦਾ ਹੈ। ਹਨੇਰਾ ਤਾਂ ਦੇਖਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਬੀ ਪੜਦੇ ਪਾਉਂਦਾ ਹੈ। ਨਾ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ। ਜਿਸ ਤਰ੍ਹਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਘਾੜਾ ਦੇਖਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ; ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰਥ ਦੇ ਪਹੀਏ ਰੇੜ੍ਹੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ। ਹਨੇਰਾ ਬੀਬਾ ਰਾਣਾ ਹੈ, ਭੈਣ ਏਸੇ ਹਨੇਰੇ ਨੇ ਤੇਰਾ ਧਰਮ ਬਚਾਇਆ।
ਮੇਰੀ ਜਾਚੇ ਤਾਂ ਹਨੇਰਾ ਆਰਫ ਕਾਮਲ (ਬ੍ਰਹਮ ਗਿਆਨੀ) ਹੈ, ਨਹੀਂ ਨਹੀਂ ਹਨੇਰੇ ਵਿਚ ਤਾਂ ਉਹ ਗੁਣ ਹੈ, ਜੋ ਖੁਦਾ ਵਿਚ ਹੈ, ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚਲਦਾ ਨਹੀਂ, ਦੇਖਦਾ ਹੈ ਪਰ ਭੰਡਦਾ