

ਐਸੀ ਚੰਚਲਤਾ ਅਰ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੇਲੀ, ਨਿਨਕੀ ਪਰ ਮਨ ਨੂੰ ਮੁੱਠ ਵਿਚ ਲੈ ਕੇ ਧੀਰਜ ਧਰ ਕੇ ਬੋਲੀ: ਭੈਣ ਜੀ! ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ, ਪਰ ਭੈਣ ਕਿਹਾ ਜੇ ਤਾਂ ਇਕ ਗੱਲ ਮੇਰੀ ਭੀ ਸੁਣ ਲਵੋ; ਖ਼ੁਦਾ ਦੀ ਸ਼ਾਨ ਵਿਚ ਕਦੇ ਹਲਕੇ ਵਾਕ ਨਹੀਂ ਕਹੀਦੇ।
ਬੇਗਮ- ਸੱਚ ਕਿਹਾ ਈ, ਸਾਡੇ ਵਿਚ ਬੀ ਇਹ ਗੱਲ ਮਨ੍ਹੇ ਲਿਖੀ ਹੈ।
ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰ ਕੇ ਬੇਗਮ ਚਲੀ ਗਈ ਤੇ ਸ਼ੀਲਾ ਪੁਤ੍ਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ ਕਿ "ਹੇ ਧਰਮ ਪੁੰਜ ਪਿਤਾ। ਤੇਰੀ ਨਿੰਦਾ ਮੇਰੇ ਕੰਨਾਂ ਥਾਣੀਂ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁਧ ਕਰੋ, ਅਰ ਮੇਰੇ ਔਗੁਣ ਬਖਸ਼ੋ ? ਮੈਂ ਬੇਵਸ ਹੀ ਨਹੀਂ ਸਗੋਂ ਮੈਂ ਪਰਵਸ ਹਾਂ, ਮੇਰੇ ਤੇ ਆਪਣੀ ਮਿਹਰ ਕਰੋ! ਅਤੇ ਕਿਸੇ ਖੁੱਲ੍ਹ ਵਿਚ ਵਾਸਾ ਦਿਓ।”
ਉਧਰ ਦਰਬਾਰ ਦਾ ਹਾਲ ਸੁਣੇ, ਮੀਰ ਮੰਨੂੰ ਜਦੋਂ ਆਪਣੀ ਕਚਹਿਰੀ ਵਿਚ ਬੈਠਾ ਸੀ, ਤਦ ਸੂੰਹੀਆਂ ਵਿਚੋਂ ਇਕ ਨੇ ਆ ਪਤਾ ਦਿਤਾ ਕਿ ਮਾਝੇ ਵਿਚ ਸਿਖਾਂ ਦਾ ਇਕ ਟੋਲਾ ਇਕ ਥਾਵੇਂ ਲੁਕਿਆ ਹੋਇਆ ਹੈ।