

ਨਵਾਬ ਸਾਹਿਬ ਰਸਤੇ ਵਿਚ ਸੈਰ ਤੇ ਸ਼ਿਕਾਰ ਕਰਦੇ ਗਏ, ਛੇਕੜ ਉਥੇ ਪਹੁੰਚੇ ਜਿਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ' ਦੇ ਲਾਗੇ ਇਕ ਕਮਾਦ ਦਾ ਭਾਰੀ ਖੇਤ ਸੀ, ਸਿੰਘ ਬਾਲ ਬਿਰਧ ਜੁਆਨ ਇਸ ਵਿਚ ਲੁਕੇ ਹੋਏ ਸੇ। ਇਹ ਵਿਚਾਰੇ ਝੱਲਾਂ ਰੁੱਖਾਂ ਵਿਚ ਛਿਪ ਕੇ ਸਮਾਂ ਕੱਟ ਰਹੇ ਸੇ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕਪੜਿਆਂ ਦੀਆਂ ਲੀਰਾਂ, ਲਾੜੇ ਦੇ ਛਤਰ ਦੀਆਂ ਕਤਾਰਾਂ ਵਾਂਙ ਸੋਭ ਰਹੀਆਂ ਸਨ, ਹੁਣ ਏਥੇ ਆ ਲੁਕੇ ਸਨ ਅਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿਚ ਲੁਕਿਆਂ ਦੀਆਂ ਮਾਂਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਛ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ, ਬੈਰਾਗੀ ਮਹੰਤ ਦਾਦ ਰਾਮ ਦੇ ਪੋਤਰੇ ਨੇ ਭਗਵੇਂ ਕਪੜੇ ਪੁਆ ਕੇ ਘਰ ਲੁਕਾ ਰੱਖੀਆਂ ਸਨ।* ਦੁਖੀਆਂ ਦੀ ਪੁਕਾਰ ਤੇ ਪਿੰਡ ਵਾਲਿਆਂ ਦੀ ਹਾਹਾਕਾਰ ਕੁਛ ਐਸੀ ਪਈ ਕਿ ਮੰਨੂੰ ਦਾ ਘੋੜਾ ਸੀਖ ਪਾ ਹੋ ਗਿਆ। ਮੰਨੂੰ ਡਿੱਗ ਪਿਆ ਅਰ ਇਕ ਪੈਰ ਰਕਾਬ ਵਿਚ ਫਸਿਆ ਰਿਹਾ ਤੇ ਘੋੜਾ ਉਠ ਭੱਜਾ।* ਟਿੱਬ ਖੜਿੱਬੀਆਂ ਥਾਵਾਂ ਵਿਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਅਰ ਠਹਿਕਦਾ ਠਹਿਕਦਾ ਪਾਟਦਾ ਗਿਆ, ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਿਸ ਗਏ ਅਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਫ ਦੀ ਲਕੀਰ ਵਾਂਗ ਮੰਨੂੰ ਦੀ ਕਰਮ ਪੱਤ੍ਰੀ ਦੀ ਲੰਮਾਈ ਦੀ ਖ਼ਬਰ ਸੰਸਾਰੀਆਂ ਨੂੰ ਦੇ ਗਈ।
––––––––––––
1. ਰਤਨ ਸਿੰਘ ਜੀ ਨੇ ਪੰਡੋਰੀ ਦਾ ਪਤਾ ਦਿੱਤਾ ਹੈ। ਗਿ: ਗਿਆਨ ਸਿੰਘ ਜੀ ਨੇ ਮੁੱਲਾਂ ਪੁਰ ਦੇ ਲਾਗੇ ਦਾ ਜ਼ਿਕਰ ਕੀਤਾ ਹੈ।
2. ਅਗਲੇ ਪੈਰ ਚੁਕਕੇ ਭੂਏ ਹੋਣਾ।
* ਰਤਨ ਸਿੰਘ ਜੀ ਦਾ ਪੰਥ ਪ੍ਰਕਾਸ।