

ਲੱਗ ਪਈ। ਉਸਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿਚ ਐਸੀਆਂ ਸਲਾਹਾਂ ਦੇਂਦੀ ਸੀ ਕਿ ਬੇਗਮ 'ਵਾਹ ਵਾਹ` ਕਰ ਉਠਦੀ ਸੀ। ਇਸ ਤਰ੍ਹਾਂ ਬੇਗਮ ਦੇ ਜੀ ਵਿਚ ਸੀਲ ਕੌਰ ਦਾ ਸਤਿਕਾਰ ਵਧਿਆ ਅਰ ਉਸ ਦੀ ਸੱਦੀ ਮੁਚੀ ਦੀ ਦਰਦਣ ਹੋ ਗਈ। ਭਿਖਾਰੀ ਖਾਂ ਨੂੰ ਦਰਬਾਰੀ ਕੰਮਾਂ ਤੋਂ ਬਾਦ ਬੇਗਮ ਕਈ ਵਾਰ ਮਹਿਲਾਂ ਵਿਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਬੀ ਇਸ ਗਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿਚ ਬੀ ਅਮੀਰੀ ਤੇ ਪੁਚਾ ਦਿੱਤਾ। ਪਰ ਸ਼ੋਕ! ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁਮਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸ ਦੇ ਚਿੱਤ ਪੁਰ ਐਸਾ ਪੱਥਰ ਸੀ, ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ੁਰ ਦੀ ਪਿਆਰੀ ਨਾ ਹੁੰਦੀ ਤਾਂ ਜਰੂਰ ਗਮ ਵਿਚ ਘੁੱਟ ਘੁੱਟ ਕੇ ਮਰ ਜਾਂਦੀ, ਪਰ ਭਾਣੇ ਮੰਨਣ ਦੇ ਜਤਨ ਨੇ ਉਸ ਦੇ ਸਰੀਰ ਤੇ ਆਤਮਾ ਦਾ ਵਿਯੋਗ ਨਹੀਂ ਹੋਣ ਦਿੱਤਾ। ਜਿੰਕੁਰ ਟਹਿਣੀਓਂ ਟੁੱਟੇ ਫੁੱਲ ਠੰਢੇ ਮੌਸਮ ਅਰ ਸੀਤਲ ਜਲ ਵਿਚ ਰੱਖੋ ਹੋਏ ਕਈ ਕਈ ਦਿਨ ਸੁਕਦੇ ਤਾਂ ਨਹੀਂ, ਪਰ ਟਾਹਣੀ ਵਾਲੇ ਜੋਬਨ ਤੇ ਖਿੜਾਉ ਵਾਲੇ ਵੀ ਨਹੀਂ ਰਹਿੰਦੇ, ਤਿਵੇਂ ਸ਼ੀਲਾ ਸੋਚਵਾਨ, ਪਰ ਸੁਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੂਰ, ਗ਼ਮ ਵਿਚ ਕੁੱਠੀ ਹੋਈ, ਪਰ ਕੋਲ ਬੈਠਿਆਂ ਨੂੰ ਢੱਠੀ ਹੋਈ ਨਾ ਲੱਗਣ ਵਾਲੀ ਦਸ਼ਾ ਵਿਚ ਰਹਿੰਦੀ ਸੀ। ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਰ ਉਪਾਉ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਰ ਮੇਰਾ ਸੁਖ ਹੋਰ ਵਧ ਜਾਵੇ, ਕਿਉਂਕਿ ਉਸ ਨੂੰ ਅੰਤੰਗ ਸਹੇਲੀ ਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਅਰ ਪਿਆਰ ਵਾਲੀ ਲੱਭਣੀ ਔਖੀ ਸੀ। ਪਹਿਲਾਂ ਤਾਂ ਬੇਗਮ ਨੇ ਝਨਾਂ ਦੇ ਹਾਕਮ ਵਲੋਂ ਪਤਾ ਮੰਗਵਾਇਆ, ਜਿਥੇ ਕਿ ਸਾਬਰ ਸ਼ਾਹ ਦੀ ਦੱਸ ਪਈ ਸੀ। ਉਥੋਂ ਪਤਾ ਲੱਗਾ ਕਿ ਬਿਜੈ ਸਿੰਘ ਕਿਤੇ ਜਥਿਆਂ ਵਿਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਬਿਜੈ ਸਿੰਘ ਦਾ ਹੂਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੂਹੀਏ ਛੱਡ ਦਿਤੇ ਜੈ ਸਿੰਘ ਹੁਰਾਂ ਦਾ ਪੂਰਾ ਪੂਰਾ ਪਤਾ ਕੱਢ ਦੇਣ।