

ਕਿਆ ਅਸਚਰਜ ਹੈ! ਬਿਜੈ ਸਿੰਘ ਜੋ ਟੋਏ ਵਿਚ ਪਿਆ ਮਾਨੋ ਆਪਣੇ ਛੇਕੜਲੇ ਸਾਸ ਲੈ ਰਿਹਾ ਸੀ, ਫੇਰ ਆਪਣੇ ਪੁਤ੍ਰ ਤੇ ਵਹੁਟੀ ਪਾਸ ਪਹੁੰਚਾ। ਵਹੁਟੀ ਤੇ ਪੁਤ੍ਰ ਦੀ ਖੁਸ਼ੀ ਦੀ ਐਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਂਈਂ ਫੇਰ ਜੀਉਂਦਾ ਜਾਗਦਾ ਮਿਲ ਪਿਆ। ਵਾਹਵਾ, ਧੰਨ ਪਰਮੇਸ਼ੁਰ ਤੇ ਧੰਨ ਪਰਮੇਸ਼ੁਰ ਜੀ ਦੇ ਕਾਰਖਾਨੇ! ਸ਼ੀਲਾ ਜੀ ਨੇ ਸਿਰ-ਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ। ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ। ਹਕੀਮਾਂ ਦਾ ਇਲਾਜ ਤਾਂ ਸੀ ਹੀ ਪਰ ਵਹੁਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰਖਦੀ ਸੀ। ਗੱਲ ਕੀ, ਖੁਸ਼ੀ ਅਰ ਸੇਵਾ ਨਾਲ ਸਰੀਰ ਫਿਰ ਆਇਆ। ਕੁਛ ਥੋੜੇ ਚਿਰ ਵਿਚ ਸਿੰਘ ਜੀ ਰਾਜ਼ੀ ਖੁਸ਼ੀ ਹੋ ਗਏ। ਕਰੜੇ ਦੰਦਾਂ ਵਿਚ ਜਿਕੁਰ ਜੀਭ ਰਹਿੰਦੀ ਹੈ ਤਿਵੇਂ ਵੈਰੀਆਂ ਦੇ ਮਹਿਲਾਂ ਵਿਚ ਖਾਲਸੇ ਦਾ ਦੁਖੀ ਟੱਬਰ ਫੇਰ ਸੁਖੀ ਰਹਿਣੇ ਲੱਗਾ। ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ। ਕਿੱਥੇ ਬਨਾਂ ਦੀਆਂ ਬਿਪਤਾ ਕਿੱਥੇ ਏਹ ਪਾਤਸ਼ਾਹੀ ਸੁਖ? ਸ਼ੀਲਾ ਵੱਲ ਦੇਖੋ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖਿੜ ਰਹੀ ਹੈ, ਭੁਜੰਗੀ ਵੱਲ ਦੇਖੋ ਤਾਂ ਬਨ ਵਿਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਦਾ ਹੈ, ਬਿਜੈ ਸਿੰਘ ਵੱਲ ਤੱਕੋ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।