

17. ਕਾਂਡ
ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ। ਉਸ ਦੀਆਂ ਉਮੈਦਾਂ ਦਾ ਨੂੰ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ ਅਮੀਨੁੱਦੀਨ' ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ। ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹਨੇਰਾ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੋਕ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ। ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ। ਰਾਤ ਨੂੰ ਬੇਗ਼ਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ। ਸਿੰਘ ਦਾ ਸੁੰਦਰ ਚਿਹਰਾ ਬੇਗ਼ਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ। ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹਵਾਂ ਮਸ਼ਵਰੇ ਪੁਛੇ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੂਰੰਦੇਸ਼ੀ ਦੀ ਅਕਲ ਦੇਖ ਕੇ ਬੇਗ਼ਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਤੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇ। ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖੁਸ਼ ਹਨ। ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ। ਸਵੇਰੇ ਹੀ ਬੇਗ਼ਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ ਹਕੂਮਤ ਆਪ ਸੰਭਾਲ ਲਈ। ਮਾਤਬਰ ਆਦਮੀ ਦਿੱਲੀ ਤੇ ਕਾਬਲ ਬੀ ਭੇਜ ਦਿੱਤੇ। ਹੁਣ ਬੇਗਮ ਦੇ ਨਾਮ ਦੁਹਾਂ ਪਾਸਿਓਂ ਤੋਂ ਨਵਾਬੀ ਦੇ ਪ੍ਰਵਾਨੇ ਆ ਗਏ ਅਰ ਮੁਰਾਦ ਬੇਗ਼ਮ ਸਾਰੇ ਪੰਜਾਬ ਦੀ ਰਾਣੀ ਬਣ ਗਈ। ਥੋੜੇ ਦਿਨਾਂ ਵਿਚ ਹੀ ਬੇਗਮ ਨੇ ਆਪਣਾ ਤਹਿਤ ਜਮਾ ਲਿਆ ਅਰ ਤ੍ਰੀਮਤ ਦਾ ਡੰਕਾ ਬਹਾਦਰਾਂ ਦੇ ਦੇਸ ਵਿਚ ਵੱਜਣ ਲੱਗ ਪਿਆ। ਪਰ ਸਿੱਖਾਂ ਨੂੰ ਮਿਲਣ ਦੀ ਸਲਾਹ ਦਰਬਾਰੀਆਂ ਨੇ ਨਾ ਦਿੱਤੀ। ਸਿੰਘ ਹੁਣ ਕਿਤੇ ਕਿਤੇ ਸਿਰ ਚੁਕਦੇ, ਪਰ ਫੇਰ ਵੀ ਮੋਮਨ ਖਾਂ ਦੀ ਗਸਤੀ ਫੌਜ ਉਨ੍ਹਾਂ ਨੂੰ ਲੁਕਣ ਪਰ ਮਜਬੂਰ ਕਰ ਦੇਂਦੀ।