Back ArrowLogo
Info
Profile
ਇਕ ਦਿਨ ਸਿੰਘਾਂ ਨੇ ਕਿਹਾ, ਬਈ ਕੋਈ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ, ਇਹ ਅਲਖ ਤਾਂ ਮੁੱਕੇ। ਭਾਈ ਮਨੀ ਸਿੰਘ ਜੀ ਦੇ ਭਤੀਜੇ ਅਘੜ ਸਿੰਘ ਜੀ ਨੇ ਭੇਸ ਵਟਾ ਕੇ ਲਾਹੌਰ ਕੂਚ ਕੀਤਾ ਅਰ ਦਾਉ ਪਾਕੇ ਮੋਮਨ ਖਾਂ ਨੂੰ, ਜਦ ਉਹ ਦਰਯਾ ਦੇ ਕਿਨਾਰੇ ਬੈਠਾ ਸੀ, ਜਾ ਵੰਗਾਰਿਆ ਤੇ ਆਖਿਆ: 'ਖਾਂ ਜੀ! ਕਾਹਨੂੰ ਲੋਕਾਂ ਤੋਂ ਬੇਗੁਨਾਹਾਂ ਨੂੰ ਮਰਵਾਉਂਦੇ ਹੈ, ਆਓ ਮਰਦ ਬਣੇ ਦੋ ਦੋ ਹੱਥ ਕਰੀਏ, ਦੇਖੀਏ ਤੁਸਾਂ ਵਿਚ ਕਿੰਨੀ ਕੁ ਮਰਦਾਨਗੀ ਹੈ। ਮੋਮਨ ਖਾਂ ਘਬਰਾ ਉਠਿਆ, ਤਲਵਾਰ ਤੇ ਢਾਲ ਸੰਭਾਲੀ। ਚੰਗਾ ਟਾਕਰਾ ਕੀਤਾ, ਪਰ ਬੜੇ ਸੰਗ੍ਰਾਮ ਮਗਰੋਂ ਸਿੰਘ ਜੀ ਨੇ ਮੋਮਨ ਖਾਂ ਦਾ ਸਿਰ ਲਾਹ ਲਿਆ ਅਰ ਉਸੇ ਦੀ ਘੋੜੀ ਤੇ ਚੜ੍ਹ ਕੇ ਐਸਾ ਹਵਾ ਹੋਇਆ ਕਿ ਕਿਤੇ ਤੁਰਕਾਂ ਦੇ ਹੱਥ ਨਾ ਆਯਾ ਤੇ ਸਿਰ ਜਾ ਖਾਲਸੇ ਦੇ ਦੀਵਾਨ ਵਿਚ ਪੁਚਾਇਆ।* ਸਰਕਾਰ ਪੰਜਾਬ ਵਿਚ ਹੁਣ ਕੋਈ ਹੋਰ ਐਸਾ ਬਲੀ ਸਰਦਾਰ ਨਾ ਸੀ, ਜੇ ਉਹਨਾਂ ਦਾ ਪਿੱਛਾ ਉਸ ਵਾਂਙੂ ਡੱਟ ਕੇ ਕਰਦਾ ਸਗੋਂ ਵਿਚ ਵਿਚ ਬੇਗ਼ਮ ਦੇ ਟਾਂਵੇਂ ਟਾਂਵੇਂ ਦਰਬਾਰੀ ਹੀ ਸਿਖਾਂ ਨੂੰ ਉਸਕਲਾਂ ਦੇਣ ਲੱਗੇ ਕਿ ਤੁਸੀਂ ਫਸਾਦ ਕਰੋ ਅਰ ਰੌਲਾ ਪਾਓ, ਜੇ ਬੇਗਮ ਸਾਡੀ ਕਦਰ ਕਰੇ। ਇਸ ਦਾ ਕਾਰਨ ਇਹ ਸੀ ਕਿ  ਸਾਰੇ ਦਰਬਾਰੀ ਬੇਗਮ ਨਾਲ ਅੰਦਰੋਂ ਅੰਦਰ ਵਿਗੜ ਰਹੇ ਸਨ, ਕਿਉਂਕਿ ਬੇਗਮ ਨੇ ਰਾਜ ਭਾਗ ਨੂੰ ਪਾ ਕੇ ਹੁਣ ਹੈਂਕੜ ਵਧਾ ਲਈ ਸੀ। ਪੰਜਾਬ ਨੂੰ ਆਪਣੇ ਚਰਨਾਂ ਵਿਚ ਵੇਖਕੇ ਅਬਲਾ ਤ੍ਰੀਮਤ ਦੀ ਨਜ਼ਰ ਪਾਟ ਗਈ ਸੀ। ਉਹ ਚਾਹੁੰਦੀ ਸੀ ਕਿ 'ਕੋਈ ਮੇਰੇ ਹੁਕਮ ਅੱਗੇ ਹੁਤ ਨਾ ਕਰੇ, ਕੋਈ ਕਹਿਆ ਨਾ ਮੋੜੇ। ਲੱਖਾਂ ਕ੍ਰੋੜਾਂ ਰੁਪਏ ਬੇਗ਼ਮ ਦੇ ਹੱਥਾਂ ਵਿਚ, ਅਵਸਥਾ ਖਾਣੇ ਦੀ ਤੇ ਮੌਜਾਂ ਦੀ, ਮੁਫਤ ਖੋਰੇ ਕੁਸ਼ਾਮਤੀ ਚਾਰ ਚੁਫੇਰੇ, ਫੁਲਾਹੁਣੀਆਂ ਦੇ ਦੇ ਲੁੱਟਣ ਵਾਲੇ, ਖਾਨਾ ਖਰਾਬ ਮੁਸਾਹਿਬ ਦੁਆਲੇ ਸਨ। ਸਾਲਾਮਾਰ ਵਰਗੇ ਸੋਹਣੇ ਬਾਗ਼ ਸੈਲਾਂ ਕਰਨ ਨੂੰ, ਸੁੰਦਰ ਜੁਆਨ ਸਖੀਆਂ ਭੈੜੇ ਪਾਸੇ ਲਾਉਣ ਵਾਲੀਆਂ, ਖਾਣ ਪੀਣ ਪਹਿਨਣ ਸੁਖ ਦੇ ਸਾਰੇ ਸਾਧਨ ਕੋਲ। ਭਲਾ ਜੇ ਐਸ ਵੇਲੇ ਮਾਨ, ਹੰਕਾਰ ਤੇ ਸਭ ਨੂੰ ਤੁੱਛ ਜਾਨਣ ਦਾ ਕੀੜਾ ਸਿਰ ਵਿਚ ਨਾ ਵੜੇ ਤਾਂ ਕਿਹੜੇ ਵੇਲੇ ਵੜੇ? ਬੇਗ਼ਮ ਸਭ ਨਾਲ ਆਕੜ ਕੇ ਵਰਤਣ ਲੱਗ ਪਈ। ਦਰਬਾਰੀਆਂ ਤੇ ਉਮਰਾਵਾਂ ਦੇ ਵਸੀਕਾਰ ਘਟਾਉਣੇ ਸ਼ੁਰੂ ਕਰ ਦਿਤੇ, ਜੋ ਕਰੇ ਸੋ ਆਪ, ਜੋ ਹੁਕਮ ਦੇਵੇ ਸੋ ਆਪ।

–––––––––––

* ਪੰਥ ਪ੍ਰਕਾਸ਼ ਵਿਚ ਪ੍ਰਸੰਗ ਦੇਖੋ ਸਫਾ 716 (ਐਡੀਸ਼ਨ ਛੇਵੀਂ)।

118 / 162
Previous
Next