ਪੁਤ੍ਰ- ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ ਹਠ ਤੇ ਨਾ ਕੁਸ਼ਾਮਤੀਆਂ ਵਾਲੀ ਕੁਸ਼ਾਮਤ ਦਾ ਸਮਾਂ ਆਯਾ ਹੈ।
ਮਾਂ- ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗ਼ਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ 'ਤੂੰ ਸੱਚ ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? 'ਢੱਕੀ ਰਿੱਝੇ ਕੋਈ ਨ ਬੁੱਝੇ' ਵਾਲੀ ਗੱਲ ਤੁਰੀ ਜਾਂਦੀ ਸੀ।
ਪੁਤ੍ਰ- ਮਾਂ ਜੀ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ, ਪਰ-
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ॥
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ॥੨੧੭॥