Back ArrowLogo
Info
Profile

ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਗਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਵੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚ ਚਮਕਦਾ ਦਿੱਸਦਾ ਤੇ ਮੈਨੂੰ ਆਪਣੀ ਵੱਲ ਖਿਚਦਾ ਹੈ। ਮੇਰਾ ਆਪਣਾ ਆਪ ਮੇਰੇ ਵੱਸ ਨਹੀਂ। ਮੈਂ ਸਿੱਖ ਹੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਭੀ ਸਮਝਦਾ ਹਾਂ। ਪਰ ਹਾਇ ਕੀ ਕਰਾਂ? ਪਿਆਰੇ ਦਾ ਪਿਆਰ ਘੁੰਮਣ ਘੇਰ ਵਿਚ ਵਸੇ ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ। ਤੁਸਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿੱਸਦੇ ਹਨ। ਮਾਂ ਜੀ :

ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ॥

ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ॥੧੦॥*

ਮਾਂ— (ਹਾਹੁਕਾ ਲੈ ਕੇ) ਬੱਚਾ ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਸੋ ਘਰ ਦੇ ਕੰਮ ਗਈਆਂ, ਪਰ ਫੇਰ ਬੀ ਐਸਾ ਕੰਮ ਕਰੀਏ ਕਿ ਸੱਪ ਬੀ ਮਰ ਜਾਏ ਤੇ ਲਾਠੀ ਬੀ ਬਚ ਜਾਏ।

ਪੁੱਤ੍ਰ- ਮਾਂ ਜੀ! ਦੱਸੋ, ਜ਼ਰੂਰ ਐਸੀ ਗੱਲ ਦੱਸ ਕਿ ਮੇਰੀ ਸਿੱਖੀ ਬੀ ਕੇਸਾਂ ਸਾਸਾਂ ਨਾਲ ਨਿਭ ਜਾਵੇ ਤੇ ਆਪ ਬੀ ਔਖੇ ਨਾ ਹੋਵੇ।

ਮਾਂ- ਬੱਚਾ ਕੇਸ ਛੱਡ ਦੇਹ, ਸਿੱਖਾਂ ਦੀ ਸੰਗਤ ਛੱਡ ਦੇਹ, ਸ਼ਕਲ ਪਿਤਾ ਵਾਲੀ ਰੱਖ, ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ।

–––––––––––––––

* ਰਾਮ ਲਾਲ ਦਾ ਇਹ ਭਾਵ ਸੀ: (ਕਲਗੀਆਂ ਵਾਲੇ ਦਾ) ਮੁਖੜਾ ਚੰਦ (ਵਰਗਾ) ਨੈਣ ਕਮਲਾਂ (ਵਰਗੇ ਹਨ) ਜੇ ਸੁਰਮੇ (ਨਾਲ) ਸ਼ਯਾਮ (ਰੰਗ ਦੀ ਮੌਜ ਦੇ ਰਹੇ) ਐਸੀ ਸੁਹਣੀ ਤੱਕਣੀ ਤੱਕ ਰਹੇ (ਕਿ) ਮਨ ਨੂੰ ਮੋਹ ਰਹੇ ਹਨ, (ਉਸ ਪਿਆਰੇ ਦੇ) ਭੇਦ ਵਿਚ ਮੈਂ ਮਗਨ ਹੋ ਗਿਆ ਹਾਂ। ਐਸੀ ਮਗਨਤਾ ਹੈ ਕਿ ਕੋਈ ਟੋਟੇ ਟੋਟੇ ਕਰ ਦੇਵੇ ਤਾਂ ਉਹ ਹਾਰੇਗਾ (ਮੈਨੂੰ ਸਰੀਰ ਕਟੀਣ ਦਾ ਪਤਾ ਬੀ ਨਹੀਂ ਲਗੇਗਾ)। ਅਥਵਾ-(ਆਪਣਾ ਆਪ) ਟੁਕੜੇ ਟੁਕੜੇ ਕਰ ਕੇ (ਪ੍ਰੇਮ ਦੀ ਬਾਜੀ ਉਸ ਦੇ ਅੱਗੇ ਹਾਰ ਦਿੱਤੀ ਹੈ। ਭਾਵ ਆਪਾ ਸਦਕੇ ਕਰ ਦਿੱਤਾ ਹੈ)।

13 / 162
Previous
Next