

ਬੇਗਮ— ਮੈਂ ਆਪ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਲਾਂ ਵਿਚ ਕਿਥੋਂ ਤੋਰਾਂ ? “ਨ੍ਹਾਵਣ ਗਏ ਨ ਬਾਹੁੜੇ ਜੋਗੀ ਕਿਸ ਦੇ ਮਿੱਤ” ਕਿਆ ਅੱਛਾ ਹੋਵੇ ਕਿ ਆਪ ਸਿੱਖਾਂ ਦਾ ਖ਼ਿਆਲ ਛੱਡ ਕੇ ਮੇਰੇ ਨਾਲ ਇੱਕੋ ਇੱਕੋ ਹੋ ਜਾਵੇ, ਤੁਸੀਂ ਬੜੇ ਚੰਗੇ ਵਜ਼ੀਰ ਬਣ ਸਕੋਗੇ, ਫੇਰ ਜੋ ਕਰਸੋ ਤੁਸੀਂ ਕਰੋ, ਮੈਂ ਹੁਕਮ ਵੀ ਨਾ ਦਿਆਂਗੀ, ਪਰ ਮੁਸਲਮਾਨ ਹੋਏ ਬਾਝ ਇਹ ਗੱਲ ਕਠਨ ਹੈ, ਕਿਉਂਕਿ ਸਿਰ ਤੇ ਦੁਰਾਨੀ ਦਾ ਡੰਡਾ ਹੈ ਤੇ ਦਿੱਲੀ ਦੀ ਝਿੜਕ ਹੈ।
ਬਿਜੈ ਸਿੰਘ- ਵਾਹ ਵਾਹ! ਤੁਸੀਂ ਸਾਨੂੰ ਮੁਸਲਮਾਨ ਕਰਦੇ ਹੋ। ਆਪ ਤਾਂ ਕਦੇ ਨਿਮਾਜ਼ ਨਹੀਂ ਪੜ੍ਹੀ, ਰੋਜ਼ਾ ਨਹੀਂ ਰੱਖਿਆ, ਸਾਨੂੰ ਕਿਵੇਂ ਬਣਾਓਗੇ? ਦੂਸਰੇ ਜੇ ਆਪ ਦੀ ਇਹੀ ਮਰਜ਼ੀ ਹੈ, ਤਦ ਸਾਨੂੰ ਬਹੁਤ ਛੇਤੀ ਆਪਣੀਆਂ ਜਿੰਦਾਂ ਪੁਰ ਖੇਡਣਾ ਪਵੇਗਾ।
ਬੇਗ਼ਮ- ਤੋਬਾ ਤੋਬਾ! ਭਲੀ ਅਵਾਜ਼ ਕੱਢੋ! ਮੈਂ ਤਾਂ ਸਹਿ ਸੁਭਾ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਗੁੱਸਾ ਕਰ ਲਿਆ? ਜੋ ਆਪ ਨੂੰ ਗੱਲ ਨਾ ਭਾਵੇ ਮੈਂ ਕਦੇ ਨਹੀਂ ਕਰਾਂਗੀ।
ਬਿਜੈ ਸਿੰਘ- ਕੀ ਆਪ ਇਹ ਇਕਰਾਰ ਕਰਦੇ ਹੋ ?
ਬੇਗ਼ਮ— ਹਾਂ, ਮੈਂ ਇਕਰਾਰ ਕਰਦੀ ਹਾਂ ਜੋ ਤੁਹਾਨੂੰ ਨਾ ਭਾਵੇ ਮੈਂ ਨਹੀਂ ਕਰਾਂਗੀ।
ਬਿਜੈ ਸਿੰਘ- ਬਹੁਤ ਚੰਗਾ!
ਬੇਗ਼ਮ- ਪਰ ਤੁਸੀਂ ਭੀ ਇਕਰਾਰ ਕਰੋ ਕਿ ਜਾਵੋਗੇ ਨਹੀਂ?
ਬਿਜੈ ਸਿੰਘ— ਮੈਂ ਨੇਮ ਕਰਦਾ ਹਾਂ ਕਿ ਜਦ ਤਕ ਤੁਸੀਂ ਨੇਮ ਨਿਬਾਹੋਗੇ ਮੈਂ ਨਿਬਾਹਾਂਗਾ, ਪਰ ਜਦ ਤੁਸੀਂ ਨੇਮ ਤੋੜੋਗੇ ਮੈਂ ਫੇਰ ਨੇਮ ਵਿਚ ਬੱਧਾ ਨਹੀਂ ਰਹਾਂਗਾ।
ਬੇਗਮ- ਬਹੁਤ ਅੱਛਾ! ਤੁਸੀਂ ਫ਼ਿਕਰ ਨਾ ਕਰੋ, ਮੈਂ ਤਾਂ ਹਰ ਵੇਲੇ ਛਿਕਰ ਵਿਚ ਹਾਂ ਕਿ ਆਪ ਲਈ ਸਾਰੇ ਸੁਖ ਕੱਠੇ ਕਰਦੀ ਰਹਾਂ। ਆਪ ਦੇ ਦਿਲ ਨੂੰ ਰਤਾ ਠੁਹਕਰ ਲੱਗੇ ਤਾਂ ਮੇਰਾ ਦਿਲ ਸ਼ੀਸ਼ੇ ਵਾਂਗ ਚੂਰ ਹੋ ਜਾਂਦਾ ਹੈ। ਇਸ ਵੇਲੇ ਤੁਹਾਡੇ ਬਾਝ ਮੇਰਾ ਕੌਣ ਹੈ? ਸਭਨੀਂ ਥੋਕੀਂ ਤੁਸੀਂ ਹੀ ਹੋ।