

ਇਹ ਕਹਿ ਕੇ ਸ਼ੀਲਾ ਦੇ ਗਲ ਮਿਲੀ। ਭੁਜੰਗੀ ਨੂੰ ਗਲ ਲਾਇਆ ਤੇ ਉਸ ਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉਠੀ ਅਰ ਰੋਟੀ ਖਾਣ ਚਲੀ ਗਈ।
ਸ਼ੀਲ ਕੌਰ ਤੇ ਬਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫੇਰ ਹੱਸੇ ਕਿ ਦੇਖੀਏ ਹੁਣ ਕੀ ਬਣਦਾ ਹੈ? ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ।
ਬਿਜੈ ਸਿੰਘ— ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅਜੇ ਨਹੀਂ ਅਰ ਅੱਜ ਤੋਂ ਬੇਗ਼ਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ-ਮੇਰਾ ਨੇਮ...ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨਹੀਂ ਨਿਭਣਾ। ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿਚ ਨਹੀਂ, ਰਾਜ ਮਦ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਝੱਲਣ ਲਈ, ਕਿਉਂਕਿ ਇਨਸਾਨ ਦੇ ਸਿਰ ਤੇ ਅਝੱਲ ਸੱਟਾਂ ਪੈਂਦੀਆਂ ਹਨ। ਝੱਲਣਾਂ ਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ।
18. ਕਾਂਡ
ਇਕ ਦਿਨ ਤੜਕਸਾਰ ਅਜੇ ਚਾਰ ਨਹੀਂ ਵਜੇ ਸਨ, ਭਾਈ ਬਿਜੈ ਸਿੰਘ ਹੁਰੀਂ ਮਹੱਲਾਂ ਦੇ ਪਿਛਵਾੜੇ ਬਾਗ ਵਿਚ ਬੈਠੇ ਪਰਮੇਸ਼ੁਰ ਦੇ ਧਿਆਨ ਵਿਚ ਮਗਨ ਹੋ ਰਹੇ ਸਨ। ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜ੍ਹੇ ਵਾਂਗੂ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ। ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਉ ਫੈਲਾ ਰਹੀ ਸੀ, ਭਿੰਨੀ ਠੰਢ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ, ਜਿਹਾ ਗੁਲਾਬ ਦੀਆਂ ਖੰਭੜੀਆਂ ਨੂੰ ਤਰੇਲ।
ਬੇਗ਼ਮ ਸਾਰੀ ਰਾਤ ਨਹੀਂ ਸੁੱਤੀ, ਕਦੀ ਕੋਠੇ ਕਦੀ ਹੇਠ, ਕਦੀ ਅੰਦਰ ਕਦੀ ਛੱਜੇ ਤੇ ਮੱਛੀ ਵਾਂਗ ਤੜਫਦੀ ਫਿਰੀ। ਤਪ ਵਾਲੇ ਨੂੰ ਜਿੱਕੁਰ ਠੰਢ ਦਾ ਸੁਆਦ ਨਹੀਂ, ਤਿਵੇਂ ਭਿੰਨੀ ਭਿੰਨੀ ਰਾਤ ਤਪਦੇ ਚਿਤ ਲਈ ਠੰਢ ਨਹੀਂ ਸੀ ਵਰਤਾ ਰਹੀ। ਕਦੀ ਰੋਂਦੀ, ਕਦੀ ਹੱਸਦੀ ਕਦੀ ਸਮਝ ਕਰਦੀ, ਕਦੀ ਬੇਵੱਸ ਹੋ ਜਾਂਦੀ। ਕਦੀ ਮਨ ਨਾਲ ਗੱਲੀਂ ਛਿੜ ਪੈਂਦੀ-