

ਸ਼ੀਲਾ— ਇਸ ਵਿਚ ਕੀ ਹੈ?
ਗੋਲੀ- ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਤ੍ਰਿਤਘਣ ਬਣਦੀ ਹਾਂ। ਹਾਇ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ ਅਰ ਲੁਕੀ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ! ਇਸ ਵਿਚ ਜ਼ਹਿਰ ਹੈ: ਜੇ ਤੁਹਾਡੇ ਵਾਸਤੇ, ਤੁਹਾਡੇ ਪਤੀ ਨੇ ਘੱਲੀ ਹੈ।
ਸ਼ੀਲਾ— ਕਦੀ ਨਹੀਂ, ਪਿਆਰੇ ਪਤੀ ਜੀ ਵੱਲੋਂ ਜੇ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ! ਪਰ ਪਤੀ ਜੀ ਦੀ ਘੱਲੀ ਹੋਈ ਇਹ ਚੀਜ਼ ਨਹੀਂ ਹੈ। ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ, ਉਹ ਸੱਚਾ ਸਿੰਘ ਹੈ, ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ।
ਗੋਲੀ- (ਠਿਠਰਕੇ) ਬੀਬੀ ਜੀ! ਤੂੰ ਤਾਂ ਡਾਢੀ ਕੋਈ ਦਿਲਾਂ ਦੀ ਜਾਨਣਹਾਰ ਹੈਂ। ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ। ਇਹ ਬੇਗ਼ਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤਕ ਬੇਗਮ ਦਾ ਹੁਕਮ ਨਹੀਂ ਮੰਨਿਆ। ਦੁਨੀਆਂ ਦਾ ਕੋਈ ਲਾਲਚ ਨਹੀਂ ਜੋ ਬੇਗਮ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ, ਪਰ ਉਨ੍ਹਾਂ ਪੁਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗ਼ਮ ਨੇ ਤੁਹਾਥੋਂ ਉਨ੍ਹਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਨ੍ਹਾਂ ਦੇ ਉਦਾਲੇ ਰਹਿੰਦੀਆਂ ਅਰ ਉਨ੍ਹਾਂ ਨੂੰ ਸਮਝਾਉਂਦੀਆਂ ਹਨ, ਪਰ ਉਨ੍ਹਾਂ ਨੇ ਬੀ ਮਨੋਂ ਧਾਰੀ ਜਾਪਦੀ ਹੈ ਅਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉਡਦੀਆਂ ਵਾਂਙ ਉਨ੍ਹਾਂ ਨੂੰ ਦੇਖਦੇ ਹਨ। ਕੱਲ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਹੇ ਬੇਗਮ! ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ ਪਰ ਬੇਗ਼ਮ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ। ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵਹੁਟੀ ਨੂੰ ਲੈ ਗਿਆ ਹੈ ਪਰ ਓਹ ਅਮੈਨਾਂ ਨਹੀਂ ਕਰਦੇ।