ਮਾਤਾ- ਹਾਇ ਮੇਰੇ ਭਾਗ! ਮੈਂ ਪਹਿਲੋਂ ਕਿਉਂ ਨਾ ਮਰ ਗਈ, ਬੱਚਾ ਤੇਰੇ ਸਿਰ ਦੀਆਂ ਖੈਰਾਂ ਮਨਾਉਂਦਿਆਂ ਸੁਖਣਾ ਦੇਂਦਿਆਂ ਤੇ ਮੰਨਤਾਂ ਚੜ੍ਹਾਉਂਦਿਆਂ ਐਹ ਦਿਨ ਆਏ, ਤੂੰ ਸਿਰ-ਧੜ ਦੀ ਬਾਜੀ ਲਾ ਬੈਠਾ ਹੈ। ਬੱਚਾ! ਇਹ ਬਾਜ਼ੀ ਨਾ ਖੇਡ, ਜਿਸ ਰਸਤੇ ਤੂੰ ਚੜ੍ਹਿਆ ਹੈਂ ਧਰੂ ਪ੍ਰਹਿਲਾਦ ਆਦਿਕਾਂ ਵੱਲ ਵੇਖ, ਭਾਈ ਮਨੀ ਸਿੰਘ ਜੀ ਆਦਿਕਾਂ ਨੂੰ ਅੱਖੀਂ ਡਿੱਠਾ ਹਈ। ਹਾਇ, ਤਾਰੂ ਸਿੰਘ ਦੀ ਮਾਂ ਦਾ ਦਰਦਨਾਕ ਹਾਲ ਮੇਰਾ ਕਲੇਜਾ ਧੂਹ
ਲਿਜਾਂਦਾ ਹੈ: ਬੱਚਾ! ਇਹ ਬੜਾ ਕਠਨ ਪੈਂਡਾ ਹੈ।
ਪੁੱਤ੍ਰ- ਮਾਂ ਜੀ! ਮਹਾਰਾਜ ਜੀ ਕਹਿੰਦੇ ਹਨ:-
ਸਾਗਰ ਮੇਰੁ ਉਦਿਆਨ ਬਨ ਨਵਖੰਡ ਬਸੁਧਾ ਭਰਮ॥
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ॥੩॥
ਮਾਂ- ਪੁਤ੍ਰ! ਤੈਨੂੰ ਇਹ ਸ਼ੁਦਾ ਕਿਥੋਂ ਚੰਬੜ ਗਿਆ? ਮੈਂ ਤੈਨੂੰ ਭਲੇ ਪਾਸਿਓਂ ਤਾਂ ਨਹੀਂ ਰੋਕਦੀ। ਦੇਖ: ਪੁੰਨ ਦਾਨ, ਜਪ ਤਪ ਆਦਿਕ ਥੋੜੇ ਕੰਮ ਹਨ, ਜਿਨ੍ਹਾਂ ਨਾਲ ਖੁਸ਼ੀ ਹੁੰਦੀ ਅਰ ਜਸ ਫੈਲਦਾ ਹੈ ? ਮੈਂ ਤਾਂ ਨਿਰਾ ਏਸ ਗਲੋਂ ਰੋਕਦੀ ਹਾਂ, ਕਿ ਵੱਜ ਵਜਾ ਕੇ ਸਿੱਖ ਨਾ ਬਣ, ਆਪਣੇ ਧਰਮ ਦਾ ਰੌਲਾ ਨਾ ਪਾ।
ਪੁਤ੍ਰ- (ਠੰਢਾ ਸਾਹ ਭਰਕੇ) ਮਾਂ ਜੀ!
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ॥
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਉਂ ਸਰਬ॥੫॥
ਮਾਂ- (ਨਿਰਾਸ ਹੋ ਕੇ) ਬੱਚਾ! ਖ਼ਬਰੇ ਤੈਨੂੰ ਪ੍ਰੇਮ ਵਿਚ ਕੀ ਮਿੱਠਾ
ਲੱਗਾ ਹੈ, ਮੈਂ ਤਾਂ ਸਭ ਨੂੰ ਦੁਖੀ ਹੁੰਦਾ ਡਿਠਾ ਸੁਣਿਆ ਹੈ।
––––––––––
1. ਸਮੁੰਦਰ, ਸੁਮੇਰੂ ਪਹਾੜ, ਜੰਗਲ, ਬਨ, ਨੌਂ ਖੰਡਾਂ ਵਾਲੀ ਸਾਰੀ ਪ੍ਰਿਥਵੀ ਇਨ੍ਹਾਂ ਸਾਰੀਆਂ ਨੂੰ ਫਿਰ ਨਿਕਲਨਾ ਪਿਆਰੇ ਦੇ ਪ੍ਰੇਮ ਪੈਂਡੇ ਵਿਚ ਇਕ ਕਦਮ ਮਾਤ੍ਰ ਹੈ ਭਾਵ ਐਡਾ ਭਾਰਾ ਪੈਂਡਾ ਪ੍ਰੇਮ ਦੇ ਰਸਤੇ ਦਾ ਇਕ ਕਦਮ ਹੁੰਦਾ ਹੈ।
2. ਜਪ, ਤਪ, ਸੰਜਮ ਖੁਸ਼ੀ ਤੇ ਸੁਖ, ਮਾਨ, ਵਡਿਆਈ ਅਰ ਹੰਕਾਰ ਏਹ ਸਾਰੇ ਪਦਾਰਥ ਪਿਆਰੇ ਦੇ ਪ੍ਰੇਮ ਦੀ ਇਕ ਪਲ ਉਤੋਂ ਵਾਰ ਕੇ ਸੁੱਟ ਦਿਆਂ, ਭਾਵ ਏਹ ਕਿ ਸਾਰੇ ਪਦਾਰਥ ਪ੍ਰੇਮ ਦੀ ਇਕ ਪਲ ਦੇ ਤੁੱਲ ਨਹੀਂ ਹਨ।