ਪੁਤ੍ਰ–– ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ॥
ਬੀਧੈ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ॥੪॥
ਮਾਂ- ਸ਼ਰਾਬੀ ਨੂੰ ਨਸ਼ੇ ਦੀ ਚੇਟਕ ਵਾਂਗੂੰ ਇਹ ਭੀ ਚੇਟਕ ਹੀ ਜਾਪਦੀ ਹੈ। ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ?- ਹਾਇ ਪੁਤ੍ਰ! ਤੈਨੂੰ ਕੀ ਸ਼ੁਦਾ ਹੋ ਗਿਆ? ਮਾਂ ਵਾਰੀ! ਆ ਕੁਛ ਸਮਝ ਵੀ ਕਰ।
ਪੁਤ- ਮਾਂ ਜੀ! ਲਿਖਿਆ ਤਾਂ ਐਉਂ ਹੈ:-
ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ॥
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ॥੭॥
ਇਹ ਸੁਆਦ ਐਵੇਂ ਕਿਥੋਂ ਆ ਸਕਦਾ ਹੈ: ਆਪਣਾ ਆਪ ਜਦ ਤੀਕ ਨਾ ਜਾਣੇ ਤੇ ਸਤਿਗੁਰ ਕਲਗੀਧਰ ਦੀ ਕਿਰਪਾ ਨਾ ਹੋਵੇ? ਜੀਓ
ਜੀ ਹਾਂ:-
ਜਾਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ॥
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ॥੮॥
––––––––––
1. ਪ੍ਰੇਮ ਦੀ ਚਾਂਦਨੀ (ਰਿਦੇ ਰੂਪੀ) ਅਕਾਸ਼ ਵਿਚ ਪਸਰ ਰਹੀ ਹੈ (ਮਨ ਰੂਪੀ) ਭਵਰੇ ਹੁਰੀਂ (ਪ੍ਰੀਤਮ ਰੂਪੀ) ਕਮਲ ਵਿਚ ਵਿੰਨ੍ਹੇ ਤੇ ਬੱਝੇ ਜਾ ਕੇ ਬੀ ਲਿਪਟੇ ਰਹਿੰਦੇ ਹਨ। ਭਾਵ ਪ੍ਰੇਮ ਦਾ ਸੁਆਦ ਐਸਾ ਹੈ ਕਿ ਖੇਦਾਂ ਦੀ ਪ੍ਰਵਾਹ ਨਹੀਂ ਰਹਿੰਦੀ। ਮਸਕ੍ਰਿਨ-ਚੰਦ (ਵਿਲਸਨ ਕੋਸ) ਚਾਂਦਨੀ ਵੇਲੇ ਕਮਲ ਮੁੰਦੇ ਜਾਂਦੇ ਹਨ ਤਾਂ ਭਵਰੇ ਵਿਚ ਬੰਨ੍ਹੇ ਵਿਚੇ ਵਿੱਝ ਜਾਂਦੇ ਹਨ।
2. ਹੇ ਮੁਸਨ ਤਦੋਂ ਲੁੱਟੇ ਜਾਈਦਾ ਹੈ ਜਦੋਂ ਦਿਆਲ (ਪਰਮੇਸ਼ਰ) ਭੁੱਲ ਜਾਵੇ। (ਹਾਂ ਜਦੋਂ) ਘਬ ਦਬ ਪਰਮੇਸ਼ੁਰ ਤੋਂ ਵਿਛੋੜੇ ਤਾਂ ਇਹਨਾਂ ਨੂੰ ਸਾੜ ਦੇਈਏ, ਕਿਉਂਕਿ ਘਰ ਬਾਰ ਦੇ ਨੁਕਸਾਨ ਨਾਲ ਬੇਹਾਲ ਨਹੀਂ ਹੋਈਦਾ, ਬੇਹਾਲ ਤਾਂ ਪ੍ਰੇਮ ਦੇ ਵਿਛੁੜਨ ਨਾਲ ਹੋਈਦਾ ਹੈ।
3. ਜਿਨ੍ਹਾਂ ਨੂੰ ਪ੍ਰੇਮ ਦਾ ਸੁਆਦ ਪਿਆ ਹੈ ਓਹ ਪ੍ਰੀਤਮ (ਵਾਹਿਗੁਰੂ) ਦੇ ਚਰਨਾਂ ਦਾ ਹਰ ਵੇਲੇ ਮਨ ਵਿਚ ਸਿਮਰਨ ਕਰਦੇ ਹਨ। ਪਰਮੇਸ਼ੁਰ ਦੇ ਪ੍ਰੇਮੀ ਹੋਰ ਪਾਸੇ ਕਦੇ ਨਹੀਂ ਮੂੰਹ ਧਰਦੇ।