ਮਾਂ— ਮੈਂ ਸਮਝਾ ਰਹੀ, ਕੁਛ ਨਾ ਪੋਹਿਆ, ਹਾਇ ਪਿਆਰੇ ਪੁਤ੍ਰ! ਇਹ ਉੱਚੀਆਂ ਘਾਟੀਆਂ ਬਿਖੜੇ ਰਸਤੇ ਨਾ ਫੜ, ਆਪਣੇ ਅੰਦਰ ਵੜਕੇ ਸਤਿਗੁਰਾਂ ਨੂੰ ਧਿਆ ਲੈ। ਨਿੱਕੀ ਜਿਹੀ ਤੇਰੀ ਜਿੰਦ ਹੈ, ਇਹ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ, ਮੇਰੇ ਲਾਲ! ਕੀਕੁਰ ਬਚੇਂਗਾ?
ਪੁਤ੍ਰ— ਮਾਂ ਜੀ! ਹੈ ਤਾਂ ਇਸੇ ਤਰ੍ਹਾਂ।
ਲਖ ਘਾਟੀ ਊਂਚੌ ਘਨੋ ਚੰਚਲ ਚੀਤ ਬਿਹਾਲ॥
ਪਰ ਸਤਿਗੁਰਾਂ ਦੀ ਕ੍ਰਿਪਾ ਹੋਵੇ ਤਾਂ:-
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ॥੯॥
ਭੈਣ- ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ, ਕੀ ਸਬੱਬ ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ, ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ!
ਭਰਾ- ਭੈਣ ਜੀ! ਮੇਰੇ ਵੱਸ ਨਹੀਂ:-
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ॥
3. ਕਾਂਡ
ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। 'ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।' ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ
ਆਇਆ ਤੇ ਬੋਲੇ:-
ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ।
–––––––––
1. ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ।
2. ਭਾਵ ਪਿਆਰੇ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ।