ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ ਅੰਗ ਸੰਗ ਰਹਿਣੇ ਵਾਲੇ ਧਰਮ ਦਾ ਤਿਆਗ ਕਰਦਿਆਂ।
ਮਾਂ- ਬੱਚਾ! ਜੇ ਇੰਨਾ ਬੀ ਮੰਨ ਲਵੇਂ ਤਾਂ ਲੱਖ ਸ਼ੁਕਰ ਹੈ, ਪਰ ਤੇਰਾ ਜੀ ਨਾ ਅਕੁਲਾਵੇਗਾ ?
ਪੁਤ੍ਰ- ਨਹੀਂ ਮਾਂ ਜੀ! ਮੈਨੂੰ ਏਕਾਂਤ ਸੁਖਦਾਈ ਹੈ। ਮੇਰੇ ਸਤਿਗੁਰ ਹਰ ਵੇਲੇ ਅੰਗ ਸੰਗ ਹਨ।
ਇਸ ਨਿਬੇੜੇ ਨਾਲ ਸਭ ਨੂੰ ਤਸੱਲੀ ਹੋ ਗਈ। ਏਨੇ ਪਰ ਦੀਵਾਨ ਸਾਹਿਬ ਪੰਡਿਤ ਸਾਹਿਬ ਤੇ ਵੱਡਾ ਪੁਤ੍ਰ ਆ ਗਏ, ਆਉਂਦੇ ਸਾਰ ਹੀ ਦੀਵਾਨ ਸਾਹਿਬ ਬੋਲੇ:-
'ਦੁਸ਼ਟ ਰਾਮ ਲਾਲ! ਨਿਕਲ ਜਾਓ, ਮੇਰੀ ਹਵੇਲੀਓਂ ਬਾਹਰ ਅਰ ਜੀਉਂਦੇ ਜੀ ਮੇਰੇ ਕਦੀ ਮੱਥੇ ਨਾ ਲੱਗੋ।'
ਪੰਡਿਤ- ਰਾਮ ਲਾਲ! ਤੇਰੀ ਬੁੱਧੀ ਕੋ ਕਿਆ ਹੋ ਗਿਆ ? ਮਲੇਛ! ਰਾਜ ਘਰਾਣੇ ਮੇਂ ਹੋ ਕੇ ਕਿਆ ਕੀਆ? ਅਬ ਬੀ ਸਮਝ!
ਮਾਂ- ਪੰਡਤ ਜੀ, ਲਹੂ ਨਾਲ ਲਹੂ ਧੋਤਿਆਂ ਪੂਰੀ ਨਹੀਂ ਪੈਂਦੀ, ਕੁਝ ਨਰਮੀ ਤੇ ਪਿਆਰ ਤੋਂ ਕੰਮ ਲੈਣਾ ਚੰਗਾ ਹੁੰਦਾ ਹੈ। ਰਾਮ ਲਾਲ ਘਰ ਵਿਚ ਗੁਪ ਛੁਪ ਰਹਿਣਾ ਮੰਨਦਾ ਹੈ, ਇਹ ਪ੍ਰਬੰਧ ਮੈਂ ਕਰ ਲਵਾਂਗੀ ਘਰੋਂ ਬਾਹਰ ਸੋ (ਖਬਰ) ਨਾਂ ਨਿਕਲੇ। ਘਰੋਂ ਕੱਢਕੇ ਤਾਂ ਆਪ ਮੌਤ ਦੇ ਮੂੰਹ ਪਾ ਦੇਣਾ ਹੋਵੇਗਾ, ਕੁਛ ਸੋਚ ਕਰ ਲਓ।
ਪੰਡਤ- ਮਾਈ! ਸੱਚ ਹੈ, ਹੁਣ ਲੁਕਾਉ ਦਾ ਵੇਲਾ ਲੰਘ ਗਿਆ। ਨਵਾਬ ਨੂੰ ਮਾਲੂਮ ਹੋ ਗਿਆ ਹੈ, ਹੁਣ ਦੀਵਾਨ ਸਾਹਿਬ ਓਥੋਂ ਹੋ ਕੇ ਆਏ ਹਨ। ਨਵਾਬ ਸਾਹਿਬ ਕਹਿੰਦੇ ਹਨ ਸਿੱਖ ਨਾ ਰਹੇ, ਜੇ ਨਾ ਮੰਨੇ ਤਾਂ ਸਾਡੇ ਹਵਾਲੇ ਕਰੋ। ਬੜੀ ਮੁਸ਼ਕਲ ਨਾਲ ਇਹ ਮਨਾਇਆ ਹੈ ਕਿ ਜੇ ਸਾਡੇ ਆਖੇ ਨਾ ਲੱਗਾ ਤਾਂ ਘਰੋਂ ਕੱਢ ਦਿਆਂਗੇ।
ਮਾਂ- ਹਾਇ ਮੈਂ ਮਰ ਗਈ! ਪੰਡਤ ਜੀ! ਤੁਸੀਂ ਹੀ ਕੁਝ ਦਇਆ ਕਰਦੇ। ਮੇਰਾ ਲਾਲ! ਹਾਇ ਹਾਇ, ਮੇਰਾ ਬਾਲ, ਦਰ-ਬ-ਦਰ ਰੁਲੇਗਾ ਹਾਇ ਰੱਬਾ! ਮੈਂ ਕੀ ਕਰਾਂ?