ਪੰਥ ਦੀ ਮੌਜੂਦਾ ਹਾਲਤ ਪਿਛਲਿਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿੱਸਦੀ ਹੈ, ਇਸ ਪੁਸਤਕ ਵਿਚ ਇਹੋ ਜ਼ੋਰ ਦਿੱਤਾ ਹੈ ਅਰ ਲਿਖਣੇ ਦਾ ਪ੍ਰਯੋਜਨ ਭੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ ਤੇ ਸੰਭਲਣ ਦਾ ਵੱਲ ਆ ਜਾਵੇ, ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਤੇ ਪਵਿੱਤ੍ਰ ਅਸਲੀ ਰੂਪ ਵਿਚ ਕਾਇਮ ਰਹਵੇ। ਖ਼ਾਲਸਾ ਇਕ ਮੁਕਤ ਪੁਰਖ ਹਰੀਜਨ ਹੈ, ਆਪ ਅੰਦਰੋਂ ਬਾਹਰੋਂ ਸੁਖੀ ਹੈ ਤੇ ਸਰਬੱਤ ਲਈ ਸੁਖਦਾਈ ਹੈ। ਅਭੈ ਹੈ, ਅਜਿੱਤ ਹੈ, ਪਰ ਭੈ ਨਹੀਂ ਦੇਂਦਾ? ਧੱਕਾ ਨਹੀਂ ਕਰਦਾ। ਕੀਕੂੰ ਦੁੱਖਾਂ ਵਿਚ ਖਾਲਸਾ ਆਪਣੇ ਅਸੂਲਾਂ ਤੇ ਕਾਇਮ ਰਿਹਾ, ਇਹ ਪੋਥੀ ਉਸ ਦੀਆਂ ਤਸਵੀਰਾਂ ਦੱਸੇਗੀ। ਇਸ ਵਿਚ ਦੱਸੇ ਸਮਾਚਾਰ ਸਾਨੂੰ ਸਿਖਾਲਦੇ ਹਨ ਕਿ ਆਪਣੇ ਵੱਡਿਆਂ ਵਾਂਗੂੰ ਅਸੀਂ ਨਿੰਮ੍ਰਤਾ, ਸਹਾਰਾ ਅਰ ਸਾਰੇ ਦੈਵੀ ਗੁਣਾਂ ਦਾ ਪੁੰਜ ਬਣ ਕੇ ਚੜ੍ਹਦੀ ਕਲਾ ਵਾਲੇ ਇਨਸਾਨ ਬਣੇ ਰਹੀਏ।
ਗੁਣੀ-ਜਨ ਗੁਣ ਗ੍ਰਹਿਣ ਕਰਕੇ ਔਗੁਣਾਂ ਦੀ ਇਤਲਾਹ ਬਖ਼ਸ਼ਣ।
––– ਕਰਤਾ