ਯਾਰ੍ਹਵੀਂ ਛਾਪ ਦੀ ਭੂਮਿਕਾ
ਸਮਾਂ ਬਦਲਦਾ ਹੈ। ਸਮੇਂ ਦੇ ਬਦਲ ਲਿਖੇ ਘੱਟ ਜਾਂਦੇ ਹਨ। ਇਤਿਹਾਸ ਵਿਚ ਬੀ ਹਰ ਸਮੇਂ ਦੇ ਹਾਲ ਸਵਿਸਥਾਰ ਘੱਟ ਹੀ ਲਿਖੇ ਜਾਂਦੇ ਹਨ। ਇਨਸਾਨੀ ਸੁਭਾਵ ਭੁੱਲ ਦਾ ਹੈ। ਆਪਣੇ ਦੇਖਦੇ ਸਮੇਂ ਜੋ ਹਾਲਾਤ ਬਦਲੇ ਹਨ ਘੱਟ ਲੋਕਾਂ ਨੂੰ ਪੂਰੇ ਪੂਰੇ ਯਾਦ ਰਹੇ ਹਨ ਤੇ ਸਮੇਂ ਦੇ ਨਾਲ ਸਮੇਂ ਦੇ ਜੀਵ ਮਰਦੇ ਤੇ ਨਵੇਂ ਜੰਮਦੇ ਰਹਿੰਦੇ ਹਨ, 20 ਵਰ੍ਹੇ ਬਾਦ ਕਹਿੰਦੇ ਹਨ ਪੀੜ੍ਹੀ ਹੋਰ ਟੁਰ ਪੈਂਦੀ ਹੈ। ਸੋ ਜਦੋਂ ਸੰਨ 1899-1900 ਈ: ਦੇ ਲਗ ਪਗ ਇਹ ਪੁਸਤਕ ਲਿਖੀ ਗਈ ਸੀ, ਓਦੋਂ ਸਿਖਾਂ ਦੇ ਚਾਰ ਪੰਜ ਸੌ ਵਿਦ੍ਯਾ ਆਸ਼੍ਰਮ ਨਹੀਂ ਸਨ; ਇਤਨੇ ਅਖ਼ਬਾਰ ਰਸਾਲੇ ਪੁਸਤਕਾਂ ਨਹੀਂ ਸਨ। ਸਿੰਘ ਸਭਾ ਚਲ ਰਹੀ ਸੀ, ਪਰ ਮੁਖ਼ਾਲਫ਼ਤ ਬੜੀ ਸੀ ਤੇ ਜਿਸ ਹਾਲਤ ਤੋਂ ਕੌਮ ਇਸ ਮੂਵਮੈਂਟ ਨੇ ਚੁੱਕੀ ਸੀ ਉਹ ਇਹ ਸੀ ਕਿ ਸਿਖ ਆਪਣਾ ਆਪ ਭੁੱਲੀ ਬੈਠੇ ਸਨ; ਗੁਰਪੁਰਬ ਗੁਰ-ਮਰਿਯਾਦਾ, ਜਥੇਬੰਦੀ ਉੱਕੀ ਨਹੀਂ ਸੀ। ਰਸਮੋਂ ਰਿਵਾਜ ਸਾਰੇ ਅਨ੍ਯਮਤੀ ਹੋ ਗਏ ਸਨ। ਸਿਖ ਇਸਤ੍ਰੀਆਂ ਵਿਚ ਕੋਈ ਅਹਿਸਾਸ ਸਿੱਖੀ ਦਾ ਨਹੀਂ ਸੀ। ਸਗੋਂ ਸੁਧਾਰ ਦੀ ਰੁਕਾਵਟ ਏਹ ਸਨ। ਬੇ ਮਲੂਮੇ ਕੌਮ ਆਪਣੀ ਨਿਰੋਲਤਾ ਛੋੜ ਕੇ ਮਿਲਗੋਭੇ ਵਿਚ ਪੈ ਰਹੀ ਸੀ। ਸਿੱਖ ਕਲਗੀਆਂ ਵਾਲੇ ਦਾ ਆਦਰਸ਼ ਭੁੱਲ ਰਹੇ ਸਨ। ਚੁਫੇਰਿਓਂ ਐਸੇ ਸਾਮਾਨ ਬਣਾਏ ਗਏ ਸਨ ਕਿ ਸਿੱਖਾਂ ਦੀ ਹਸਤੀ ਗੁੰਮ ਹੋ ਜਾਏ। ਇਨ੍ਹਾਂ ਦੀ ਜਥੇਬੰਦੀ ਤੇ ਕਲਗੀਆਂ ਵਾਲੇ ਦੇ ਆਦਰਸ਼ ਇਕ ਤੌਖ਼ਲੇ ਵਾਲੇ ਸਾਮਾਨ ਦਿੱਸਣ ਕਰਕੇ ਸਿੱਖ ਬੇ-ਮਲੂਮੇ ਗਿਰਾਉ ਵਲ ਲੈ ਜਾਏ ਜਾ ਰਹੇ ਸਨ। ਉਦੋਂ ਜੋ ਯਤਨ ਬਚਾਉ ਦੇ ਵਾਸਤੇ ਹੋ ਰਹੇ ਸਨ, ਉਨ੍ਹਾਂ ਵਿਚ ਮੁੱਖ ਇਹ ਸਮਝਿਆ ਗਿਆ ਸੀ ਕਿ ਪਿਛਲੇ ਆਦਰਸ਼, ਕਰਨੀਆਂ ਤੇ ਉਤਸ਼ਾਹ ਅਰ ਸਿਖ੍ਯਾ-ਜਨਕ ਜੀਵਨ ਸਿਖ ਮਨਾਂ ਦੇ ਸਾਹਮਣੇ ਲਿਆਂਦੇ ਜਾਣ। ਉਸ ਵੇਲੇ ਸੁਧਾਰ, ਉੱਧਾਰ ਤੇ ਜੀਵਨ ਰੌ ਦੇ ਸੁਰਜੀਤ ਕਰਨ ਦੀ ਵਧੇਰੇ ਲੋੜ ਸੀ ਤੇ