ਦਇਆ ਦਾ ਪਾੜ੍ਹ ਸਨ, ਰੋਂਦੀਆਂ ਸਨ। ਦੀਵਾਨ ਸਾਹਿਬ ਲੋਹੇ ਲਾਖੇ ਹੋ ਰਹੇ ਸਨ। ਪੰਡਤ ਜੀ ਉਤੋਂ ਕੋਮਲ ਅੱਖਾਂ ਜਲ ਨਾਲ ਪੂਰਤ ਤੇ ਅੰਦਰੋਂ ਸਿੱਧੇ ਘੜੇ ਹੋ ਰਹੇ ਸੇ। ਵੱਡਾ ਭਿਰਾਉ ਹੈਰਾਨੀ ਤੇ ਗੁੱਸੇ ਵਿਚ ਗੁਟਿਆ ਹੋਇਆ ਘੂਰ ਰਿਹਾ ਸੀ।
ਮਾਂ- ਬੱਚਾ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖਰੈਤ ਮੇਰਾ ਬਚਨ ਮੰਨ: ਤੈਨੂੰ ਉਸੇ ਦਾ ਵਾਸਤਾ ਹਈ।
ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ. ਖਾਧੀ। ਹਾਇ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਨੇ ਦਿਮਾਗ ਨੂੰ ਚਕਾ ਦਿੱਤਾ ਅਰ ਮੂਰਛਾ ਜੇਹੀ ਹੋ ਗਈ।
ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ।
ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ ਲਿਆਂਦੀ। ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ ਤੂੰ ਤਕੜਾ ਹੈ। ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ! ਜਾਓ ਨਿਕਲੇ, ਢਿੱਲ ਨਾ ਕਰੋ।
ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ। ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬ੍ਰਤਾ ਪਤੀ ਦੇ ਮਗਰ। ਤਦ ਮਾਂ ਨੇ ਕਿਹਾ: ਬੱਚਾ! ਜਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ। ਤੇ ਰੋ ਰੋ ਕੇ ਬੋਲੀ: ਕਾਕਾ! ਮੈਨੂੰ ਮਾਰ ਕੇ ਜਾਂਦੇਂ, ਤੇਰਾ ਹੱਥ ਲੱਗਦਾ ਤਾਂ ਮੇਰਾ ਅੱਗਾ ਸੌਰਦਾ ਤੇ ਤੂੰ ਤਾਂ ਹੁਣ ਵਹੁਟੀ ਬੀ ਨਾਲ ਲੈ ਚੱਲਿਓ! ਮੇਰੇ ਪੋਤਰੇ ਤੇ ਨੂੰਹ ਨੂੰ ਤਾਂ ਛੱਡ ਜਾਹ!
ਪੁੱਤ੍ਰ ਮਾਂ ਜੀ ਇਹ ਸਭ ਤੁਹਾਡੀ ਦੌਲਤ ਹਨ, ਇਨ੍ਹਾਂ ਨੂੰ ਰੱਖ, ਮੈਂ ਨਾਲ ਨਹੀਂ ਲਿਜਾਂਦਾ।