Back ArrowLogo
Info
Profile

ਸਿੱਖਣੀ (ਸੱਸ ਅੱਗੇ ਹੱਥ ਜੋੜ ਕੇ) ਮਾਂ ਜੀ! ਬਖਸ਼ੋ, ਮੈਨੂੰ ਆਗ੍ਯਾ ਦਿਓ! ਜਿੱਥੇ ਇਹ ਜਾਣਗੇ ਓਥੇ ਹੀ ਮੈਂ ਜਾਵਾਂਗੀ। ਇਨ੍ਹਾਂ ਨਾਲੋਂ ਮੈਂ ਅੱਡ ਨਹੀਂ ਰਹਿ ਸਕਦੀ।

ਮਾਂ- ਧੀਏ! ਮੇਰਾ ਕੌਣ?

ਨੂੰਹ— ਤੇ ਮਾਂ ਜੀ ਸ੍ਵਾਮੀ ਬਾਝ ਮੇਰਾ ਕੌਣ? ਆਪ ਵੱਡੇ ਸਿਰ ਮੱਥੇ ਤੇ, ਪਰ ਸ੍ਵਾਮੀ ਦੇ ਚਰਨਾਂ ਦੀ ਦਾਸੀ ਹੋਣ ਕਰਕੇ ਉਨ੍ਹਾਂ ਦੀ ਸੇਵਾ ਤੋਂ ਕਿੱਕੁਰ ਮੂੰਹ ਮੋੜਾਂ? ਘਰ ਦੇ ਸੁਖ ਭੋਗਾਂ ਤੇ ਪਤੀ ਦੇ ਦੁੱਖਾਂ ਦਾ ਹਿੱਸਾ ਨਾ ਵੰਡਾਵਾਂ ? ਅੱਧਾ ਅੰਗ ਸਾਰੇ ਤੋਂ ਕੀਕੂੰ ਵਿਛੜੇ? ਲੋਕ ਪ੍ਰਲੋਕ, ਦੁੱਖ ਸੁੱਖ, ਏਹ ਮੇਰਾ ਹਰ ਥਾਂ, ਹਰ ਹਾਲ, ਆਸਰਾ ਪਰਨਾ, ਮੇਰਾ ਆਪਣਾ ਆਪ: ਮੈਂ ਆਪਣੇ ਆਸਰੇ ਤੋਂ ਆਪਣੇ ਆਪੇ ਤੋਂ ਕੀਕੂੰ ਵਿਛੁੜਾਂ?

ਦੀਵਾਨ- ਬਈ, ਸਿੱਖਾਂ ਦੀ ਸੰਗਤ ਬੀ ਬੁਰੀ ਇਕ ਛੁਰੀ ਹੈ। ਇਹ ਕੁੜੀ ਬੀ ਗਿਆਨ ਸਾੜਨ ਲੱਗੀ ਜੇ। ਹੱਛਾ ਪਰਾਲਬਧ! ਇਸ ਕੇ ਭੀ ਨਿਕਾਲ ਦਿਓ। ਲੜਕੇ ਨੂੰ ਰੱਖ ਲਓ।

ਬਾਲਕ- ਨਾ ਨਾ ਬਾਬਾ! ਮੈਂ ਨਹੀਂ ਰਹਿੰਦਾ, ਜਿੱਥੇ ਮੇਰੇ ਬਾਪੂ ਜੀ ਤੇ ਮਾਂ ਜੀ ਰਹਿਣਗੇ, ਓਥੇ ਹੀ ਮੈਂ ਰਹਾਂਗਾ।

ਦੀਵਾਨ- ਕਿਉਂ ਬੱਚੂ ?

ਬਾਲਕ- ਇਨ੍ਹਾਂ ਦੇ ਪਿੱਛੋਂ ਮੈਂ ਰੋਟੀ ਕਿਥੋਂ ਖਾਊਂ?

ਪੰਡਤ- ਮੂਰਖ! ਦੀਵਾਨ ਸਾਹਿਬ ਦੇ ਘਰ ਰੋਟੀ ਨਹੀਂ ਹੈ ?

ਬਾਲਕ- ਪਰ ਏਥੇ ਸਾਰੇ ਹੁੱਕੇ ਪੀਂਦੇ ਹਨ, ਮੈਂ ਰੋਟੀ ਕੀਕੂੰ ਖਾਉਂ? ਮੈਨੂੰ ਸ਼ਬਦ ਕੌਣ ਸੁਣਾਊ? ਮੈਨੂੰ ਕਲਗੀਆਂ ਵਾਲੇ ਦੇ ਪਿਆਰ ਦੀਆਂ ਗੱਲਾਂ ਕੌਣ ਸਮਝਾਉ ?

ਦੀਵਾਨ- (ਮੱਥੇ ਤੇ ਹੱਥ ਮਾਰਕੇ) ਇਕ ਨੂੰ ਕੀ ਰੋਨੀਏਂ ਊਤ ਗਿਆ ਈ ਆਵਾ।

ਦੀਵਾਨਣੀ— (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ) ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਉਂ, ਵੱਖਰਾ ਚੌਂਕਾ ਬਣਾਉਂ, ਤੂੰ ਤਾਂ ਮੇਰੇ ਪਾਸ ਰਹੁ ਨਾ, ਲਾਲ!

ਬਾਲਕ ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਵਿਛੁੜੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ।

22 / 162
Previous
Next