ਦੀਵਾਨਣੀ— ਵੇ ਦੇਵਤਿਆਂ ਦੇ ਉਤਾਰੋ! ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ, ਵੇ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈ ਚੱਲੋ!
ਦੀਵਾਨ- (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾ ਕੇ) ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ!
ਦੀਵਾਨਣੀ— (ਪਾਸ ਪਈ ਕਟਾਰ ਚੁੱਕ ਕੇ) ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ, ਮੈਂ ਕਿੱਕੁਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ।
4. ਕਾਂਡ
ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ, ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਸਿੱਖਾਂ ਵਾਲਾ ਸੀ, ਕੇਵਲ ਕੇਸਾਧਾਰੀ ਨਹੀਂ ਸੀ। ਇਸ ਪੁਰਖ ਨੇ ਆਪਣਾ ਧਰਮ ਇਹ ਬਣਾਇਆ ਹੋਇਆ ਸੀ ਕਿ ਵੇਲੇ ਕੁਵੇਲੇ ਸਿੰਘਾਂ ਨੂੰ ਘਰ ਵਿਚ ਲੁਕਾ ਛੁਪਾ ਕੇ ਆਸਰਾ ਦੇਵੇ। ਭਾਵੇਂ ਇਸ ਦਾ ਜੀ ਤਾਂ ਬਹੁਤ ਚਾਹੁੰਦਾ ਸੀ ਕਿ ਕੇਸ਼ਾਧਾਰੀ ਸਿੰਘ ਸਜੇ, ਪ੍ਰੰਤੂ ਪਰਉਪਕਾਰ ਦੀ ਖ਼ਾਤਰ ਤਕਲੀਫ਼ ਝੱਲ ਕੇ ਬੀ ਤੇ ਇਹ ਖ਼ਿਆਲ ਕਰਕੇ ਕਿ ਭਾਵੇਂ ਹੋਰ ਜਨਮ ਵੀ ਧਾਰਨਾ ਪਵੇ, ਪਰ ਸਿੰਘਾਂ ਦੀ ਸਹਾਇਤਾ ਜ਼ਰੂਰ ਕਰਨੀ ਹੈ, ਇਸ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਸ਼ਕਲ ਵਿਚ ਹੀ ਰੱਖਿਆ ਹੋਇਆ ਸੀ। ਉਸ ਸਮੇਂ ਐਸੇ ਕਈ ਹੋਰ ਪਰਉਪਕਾਰੀ ਭੀ ਸਨ ਜੋ ਆਪਣੇ ਅਸੂਲਾਂ ਕਰਕੇ ਤਾਂ ਸਿੱਖ ਸਨ, ਪਰ ਸ਼ਕਲ ਸੂਰਤ ਸਿੱਖਾਂ ਵਾਲੀ ਨਹੀਂ ਰੱਖਦੇ ਸਨ; ਸਗੋਂ ਬਾਹਰਲੀ ਵਰਤੋਂ ਭੀ ਐਸੀ ਰੱਖਦੇ ਸਨ ਕਿ ਜਿਸ ਤੋਂ ਪੱਕੇ ਹਿੰਦੂ ਜਾਪਣ ਸਿੱਖਾਂ ਨੂੰ ਬਿਪਤਾ ਪਈ